ਤਰਨਤਾਰਨ: ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਵਿਚ ਥਾਣਾ ਵੈਰੋਵਾਲ ਵਿਖੇ ਧਰਨਾ ਲਗਾਇਆ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਅਤੇ ਧਰਨੇ ਵਿੱਚ ਸ਼ਾਮਲ ਵੱਖ-ਵੱਖ ਔਰਤਾਂ ਨੇ ਦੱਸਿਆ ਕਿ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡਾਂ ਵਿੱਚ ਅੱਜ ਵੀ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ ਪਰ ਸਥਾਨਕ ਪੁਲਿਸ ਅਤੇ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਵਿਚ ਪੂਰੀ ਤਰਾਂ ਅਸਫ਼ਲ ਸਾਬਤ ਹੋ ਰਹੇ ਹਨ।
ਧਰਨੇ ਵਿੱਚ ਪਹੁੰਚੀਆਂ ਔਰਤਾਂ ਨੇ ਦੱਸਿਆ ਕਿ ਇਲਾਕੇ ਵਿੱਚ ਚਿੱਟੇ ਦਿਨ ਵੀ ਨਸ਼ਾ ਵਿਕਦਾ ਰਹਿੰਦਾ ਹੈ। ਜਿਸ ਨਾਲ ਸਾਡੀ ਨੌਜਵਾਨ ਪੀੜੀ ਪੂਰੀ ਤਰਾਂ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗ ਰਿਹਾ ਹੈ, ਜਿਵੇ ਨਸ਼ਾ ਅੱਜ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ। ਨਸ਼ਿਆਂ ਵਿਚ ਗੁਲਤਾਨ ਹੋਏ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਆਪਣੇ ਹੀ ਘਰਾਂ ਦਾ ਸਮਾਨ ਤੱਕ ਵੇਚ ਰਹੇ ਹਨ।
ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਆਸ ਪਾਸ ਪਿੰਡਾਂ ਵਿੱਚ ਨਸ਼ਿਆਂ ਦਾ ਚੱਲਦਾ ਕਾਰੋਬਾਰ ਬੰਦ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਜਦੋਂ ਥਾਣੇ ਦੇ ਐੱਸ. ਐੱਚ. ਓ ਪਰਮਜੀਤ ਸਿੰਘ ਵਿਰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਮੁਸਤੈਦ ਰਹਿੰਦੇ ਹਨ।
ਉਨ੍ਹਾਂ ਵੱਲੋਂ ਕੁਝ ਦਿਨ੍ਹਾਂ ਅੰਦਰ ਹੀ ਅਨੇਕਾਂ ਨਸ਼ਿਆਂ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਉਹ ਜਲਦ ਨਸ਼ੇ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇ ਦੇਣਗੇ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਲੱਗੀ ਭਿਆਨਕ ਅੱਗ