ਤਰਨਤਾਰਨ: ਪ੍ਰੇਮ ਸਬੰਧ ਦੇ ਸ਼ੱਕ 'ਚ 17 ਸਾਲਾਂ ਨੌਜਵਾਨ ਅਨਮੋਲਪ੍ਰੀਤ ਨੂੰ ਇਨੋਵਾ ਕਾਰ ਸਵਾਰ ਵੱਲੋਂ ਦਰੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਜਖ਼ਮੀ ਗੁਰਪਿੰਦਰ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਪਿੰਡ ਭੂਰਾ ਕੋਹਨਾਂ ਦੀਆਂ ਦੋ ਔਰਤਾਂ ਮਾਣੋ ਉਰਫ਼ ਨਿੰਦਰ ਕੌਰ ਜਿਹੜੀ ਪਿੰਡ ਮਨਾਵਾਂ ਵਿਆਹੀ ਹੈ ਤੇ ਉਸ ਦੀ ਭੈਣ ਅਮਰਜੀਤ ਕੌਰ ਪੱਟੀ ਰਹਿੰਦੀ ਹੈ, ਉਨ੍ਹਾਂ ਦੋਵਾਂ ਨੂੰ ਮਿਲਣ ਲਈ ਆਪਣੇ ਪੇਕੇ ਪਿੰਡ ਅੱਡੇ 'ਤੇ ਸੱਦਿਆ ਅਤੇ ਨਾਲ ਇਸ ਗੱਲ ਦੀ ਜਾਣਕਾਰੀ ਆਪਣੇ ਸ਼ਰੀਕੇ ਦੇ ਲੋਕਾਂ ਨੂੰ ਵੀ ਦੇ ਦਿੱਤੀ, ਜੋ ਕਿ ਇਨੋਵਾ ਗੱਡੀ 'ਤੇ ਆਏ ਸਨ।
ਜਦੋਂ ਉਹ ਮੋਟਰਸਾਈਕਲ 'ਤੇ ਭੱਜਣ ਲੱਗੇ ਤਾਂ ਹਮਲਾਵਰਾਂ ਨੇ ਇਨੋਵਾ ਗੱਡੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਣ ਉਹ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਜਦੋਂ ਉਨ੍ਹਾਂ ਦੋਹਾਂ ਨੂੰ ਇਲਾਜ ਵਾਸਤੇ ਲਿਜਾਇਆ ਜਾ ਰਿਹਾ ਸੀ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਅਨਮੋਲਪ੍ਰੀਤ ਸਿੰਘ (17) ਦੀ ਰਸਤੇ 'ਚ ਮੌਤ ਹੋ ਗਈ।
ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਿਸ ਵੱਲੋਂ ਦੋ ਔਰਤਾਂ ਸਮੇਤ ਲਵਪ੍ਰੀਤ ਸਿੰਘ ਲੱਭਾ, ਅਮਨ ਉਰਫ਼ ਮਨੀ, ਗੁਰਪ੍ਰੀਤ ਸਿੰਘ ਗੋਪੀ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।