ਤਰਨਤਾਰਨ: ਰੂਸ ਵੱਲੋਂ ਯੂਕਰੇਨ ’ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਹਜਾਰਾਂ ਭਾਰਤੀ ਵਿਦਿਆਰਥੀ ਉੱਥੇ ਫਸ ਗਏ ਹਨ। ਜਿਨ੍ਹਾਂ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ, ਦਦੇਹਰ ਸਾਹਿਬ ਨਾਲ ਸਬੰਧਤ ਦੋ ਵਿਦਿਆਰਥੀ ਵੀ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਚਿੰਤਾ ਬਣੀ ਹੋੀ ਹੈ। ਉਨ੍ਹਾਂ ਨੇ ਜਿੱਥੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ, ਉਥੇ ਹੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਵਾਪਸ ਲਿਆਂਦਾ ਜਾਵੇ।
ਦੱਸ ਦਈਏ ਕਿ ਸਰਹਾਲੀ ਕਲਾਂ ਦੇ ਨਾਲ ਲਗਦੇ ਪਿੰਡ ਦਦੇਹਰ ਸਾਹਿਬ ਤੋਂ ਦੋ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਸਨ। ਹਰਸਮਰੀਤ ਕੌਰ ਕੀਵ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੀ ਹੈ ਜਦਕਿ ਤਰਨਦੀਪ ਸਿੰਘ ਅਜੇ 20 ਫਰਵਰੀ ਨੂੰ ਹੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਪਹੁੰਚਿਆ ਹੈ।
ਬੱਚਿਆਂ ਦੇ ਪਰਿਵਾਰਾਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਅੰਬੈਸੀ ਹੈਲਪਲਾਈਨ ਨੰਬਰਾਂ ’ਤੇ ਵੀ ਵਿਦਿਆਰਥੀਆਂ ਦਾ ਵੇਰਵਾ ਦੱਸਦਿਆਂ ਉਨ੍ਹਾਂ ਦੀ ਵਾਪਸੀ ਕਰਵਾਉਣ ਲਈ ਅਪੀਲ ਕੀਤੀ ਹੈ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਫੋਨ ’ਤੇ ਗੱਲਬਾਤ ਦੌਰਾਨ ਸਬੰਧਤ ਸ਼ਹਿਰ ਵਿਚ ਅਫਰਾ ਤਫੜੀ ਦਾ ਮਾਹੌਲ ਹੋਣ ਦੀ ਗੱਲ ਕਰਦੇ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀ ਤਾਂ ਨੇੜਲੇ ਦੇਸ਼ਾਂ ਨੂੰ ਵੀ ਕੂਚ ਕਰ ਗਏ ਹਨ। ਪਰ ਕੁਝ ਬੱਚੇ ਕੀਵ ਸ਼ਹਿਰ ਵਿਚ ਭਾਰਤੀ ਅੰਬੈਸੀ ਵੱਲੋਂ ਮਦਦ ਦੀ ਉਡੀਕ ਵਿਚ ਬੈਠੇ ਹਨ।
ਇਹ ਵੀ ਪੜੋ: ਯੂਕਰੇਨ ਤੋਂ ਆਈ ਕੁੜੀ ਨੇ ਉੱਥੇ ਫਸੇ ਬੱਚਿਆਂ ਦੀ ਸੂਚੀ ਵੀ ਕੀਤੀ ਜਾਰੀ