ਤਰਨ ਤਾਰਨ: ਇੱਕ ਪਾਸੇ ਸੂਬੇ 'ਚ ਪੰਜਾਬ ਪੁਲਿਸ ਵਲੋਂ ਕਾਨੂੰਨ ਵਿਵਸਥਾ ਸਹੀ ਹੋਣ ਦੀ ਦਾਅਵੇ ਕਰਦਿਆਂ ਸ਼ਰਾਰਤੀ ਅਨਸਰਾਂ 'ਤੇ ਨੱਥ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਬੇਖੌਫ਼ ਲੁਟੇਰਿਆਂ ਵਲੋਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਤਸਵੀਰਾਂ ਤਰਨ ਤਾਰਨ ਦੇ ਕਸਬਾ ਖਡੂਰ ਸਾਹਿਬ ਦੀਆਂ ਹਨ, ਜਿਥੇ ਚੋਰਾਂ ਵਲੋਂ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ।
ਚੋਰੀ ਦੀ ਸੀਸੀਟੀਵੀ ਆਈ ਸਾਹਮਣੇ: ਦੱਸਿਆ ਜਾ ਰਿਹਾ ਕਿ ਬੀਤੀ ਦੇਰ ਰਾਤ ਚੋਰਾਂ ਵਲੋਂ ਤਿੰਨ ਦੁਕਾਨਾਂ 'ਚ ਧਾਵਾ ਬੋਲਦਿਆਂ ਚੋਰੀ ਦੀਆਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਚੋਰਾਂ ਵਲੋਂ ਦੋ ਕਰਿਆਨੇ ਦੀ ਦੁਕਾਨਾਂ ਤਾਂ ਇੱਕ ਸਪੇਅਰ ਪਾਰਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ 'ਚ ਚੋਰ ਇੱਕ ਦੁਕਾਨ ਦੇ ਗੱਲੇ 'ਚ ਪਈ 15 ਹਜ਼ਾਰ ਦੇ ਕਰੀਬ ਨਕਦੀ ਲੈਕੇ ਰਫ਼ੂਚੱਕਰ ਹੋ ਗਏ।
ਪੁਲਿਸ ਚੋਰਾਂ ਨੂੰ ਕਰੇ ਜਲਦ ਕਾਬੂ: ਇਸ ਸਬੰਧੀ ਦੁਕਾਨਦਾਰ ਦਾ ਕਹਿਣਾ ਕਿ ਤੜਕਸਾਰ 4 ਵਜੇ ਦੇ ਕਰੀਬ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜਿਆ ਤੇ ਫਿਰ ਅੰਦਰ ਜਾ ਕੇ ਗੱਲੇ 'ਚ ਪਈ ਨਕਦੀ ਲੈਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਕਿ ਅਜਿਹੇ ਚੋਰਾਂ ਖਿਲਾਫ਼ ਸਮਾਂ ਰਹਿੰਦੇ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕੋਈ ਵਿਅਕਤੀ ਚੋਰੀ ਦਾ ਸ਼ਿਕਾਰ ਨਾ ਹੋਵੇ।
- ਜਾਣੋ ਕੌਣ ਸਨ ਕਰਨੈਲ ਸਿੰਘ ਈਸੜੂ, ਜਿਹਨਾਂ ਗੋਆ ਦੀ ਆਜ਼ਾਦੀ ਵਿੱਚ ਪਾਇਆ ਸੀ ਹਿੱਸਾ
- ਅੰਮ੍ਰਿਤਸਰ ਏਅਰਪੋਰਟ ਉੱਤੇ ਕਸਟਮ ਵਿਭਾਗ ਦਾ ਐਕਸ਼ਨ, ਯਾਤਰੀ ਕੋਲੋਂ 45 ਲੱਖ ਤੋਂ ਵੱਧ ਦਾ ਸੋਨਾ ਬਰਾਮਦ
- Beas River Water level : ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਚਿੰਤਾ 'ਚ ਪਾਏ ਲੋਕ
ਚੌਂਕੀ ਇੰਚਾਰਜ 'ਤੇ ਚੁੱਕੇ ਸਵਾਲ: ਇਸ ਦੌਰਾਨ ਮਾਰਕੀਟ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਈ ਮਹੀਨਿਆਂ ਤੋਂ ਚੋਰੀਆਂ ਲਗਾਤਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲਿਆਂ 'ਚ ਪੁਲਿਸ ਦੀ ਮਿਲੀਭੁਗਤ ਹੈ ਅਤੇ ਜਦੋਂ ਦਾ ਚੌਂਕੀ ਇੰਚਾਰਜ ਨਵਾਂ ਆਇਆ, ਉਦੋਂ ਤੋਂ ਇਲਾਕੇ 'ਚ ਚੋਰੀਆਂ ਦਾ ਹੋਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਪੁਲਿਸ ਵਲੋਂ ਗਸ਼ਤ ਕੀਤੀ ਜਾਂਦੀ ਹੈ ਅਤੇ ਨਾਲ ਹੀ 24 ਘੰਟੇ ਦਾ ਪੁਲਿਸ ਨੂੰ ਸਮਾਂ ਦੇਵਾਂਗੇ ਕਿ ਜੇ ਚੋਰ ਨਾ ਫੜੇ ਗਏ ਤਾਂ ਬਾਜ਼ਾਰ ਬੰਦ ਕਰਕੇ ਉਹ ਪ੍ਰਦਰਸ਼ਨ ਕਰਨਗੇ।
ਥਾਣੇ 'ਚ ਪੁਲਿਸ ਮੁਲਾਜ਼ਮਾਂ ਦੀ ਘਾਟ: ਇਸ ਸਬੰਧੀ ਚੌਂਕੀ ਇੰਚਾਰਜ ਬਲਦੇਵ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਜ਼ੂਦ ਨਹੀਂ ਮਿਲੇ ਅਤੇ ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੇ ਅਧਾਰ 'ਤੇ ਜਾਂਚ ਕਰਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਚੌਂਕੀ ਵਿਚ ਕੇਵਲ ਪੰਜ ਮੁਲਾਜਮ ਹਨ ਅਤੇ ਨਫ਼ਰੀ ਘੱਟ ਹੋਣ ਕਰਕੇ ਉਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।