ਤਰਨਤਾਰਨ: ਜ਼ਿਲ੍ਹੇ ਵਿੱਚ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਕੋਈ ਅਜਿਹਾ ਦਿਨ ਨਹੀਂ ਜਿਸ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨਾ ਵਾਪਰਦੀਆਂ ਹੋਣ। ਤਾਜ਼ੀ ਘਟਨਾ ਸ਼ਹਿਰ ਦੀ ਮਾਸਟਰ ਕਲੋਨੀ ਤੋ ਸਾਹਮਣੇ ਆਈ ਹੈ ਜਿਥੇ ਬੀਤੀ ਰਾਤ ਪੰਜ ਨਕਾਬਪੋਸ਼ ਹਥਿਆਰਬੰਦ ਚੋਰਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦੇ ਘਰ ਸਮੇਂਤ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਨ੍ਹਾਂ ਘਰਾਂ ਨੂੰ ਬਣਾਇਆ ਨਿਸ਼ਾਨਾਂ: ਚੋਰੀ ਦੀ ਘਟਨਾ ਨੂੰ ਅੰਜਾਮ ਦੰਦਿਆਂ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਮੌਕੇ ਤੋ ਫ਼ਰਾਰ ਹੋ ਗਏ ਚੋਰਾਂ ਦੇ ਆਉਣ ਜਾਣ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਕੇ ਰਹਿ ਗਈ ਹੈ। ਚੋਰਾਂ ਵੱਲੋਂ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਗੁਰਨਾਮ ਸਿੰਘ ਅਤੇ ਇਕ ਹੋਰ ਵਿਅਕਤੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
ਕਿਵੇਂ ਕੀਤੀ ਚੋਰੀ: ਚੋਰੀ ਦਾ ਸ਼ਿਕਾਰ ਹੋਏ ਬਜ਼ੁਰਗ ਗੁਰਨਾਮ ਸਿੰਘ ਨੇ ਦੱਸਿਆ ਕਿ ਸਵੇਰੇ ਪੋਣੇ ਚਾਰ ਵੱਜੇ ਦੇ ਕਰੀਬ ਪੰਜ ਵਿਅਕਤੀ ਉਨ੍ਹਾਂ ਦੇ ਘਰ ਕੰਧ ਟੱਪ ਕੇ ਦਾਖ਼ਲ ਹੋਏ। ਜਿਨ੍ਹਾਂ ਕੋਲ ਡੰਡੇ ਅਤੇ ਤੇਜ਼ਧਾਰ ਹਥਿਆਰ ਸਨ ਚੋਰਾਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ ਵਿੱਚ ਪਈ 70 ਹਜ਼ਾਰ ਰੁਪਏ ਦੀ ਨਕਦੀ, 1200 ਵਿਦੇਸ਼ੀ ਡਾਲਰ ਅਤੇ ਹੋਰ ਕੀਮਤੀ ਸਮਾਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਇੱਕ ਰਾਤ 'ਚ ਕਈ ਘਰਾਂ ਵਿੱਚ ਕੀਤੀ ਚੋਰੀ: ਇਸੇ ਤਰ੍ਹਾਂ ਚੋਰੀ ਦਾ ਸ਼ਿਕਾਰ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਵੇਰੇ ਤੜਕੇ ਚੋਰ ਨੂੰ ਦੇ ਘਰ ਦਾਖਲ ਹੋਏ ਅਤੇ ਕਮਰੇ ਦੀ ਖਿੜਕੀ ਦੀ ਗਰਿੱਲ ਪੁੱਟ ਕੇ ਕਮਰੇ ਅੰਦਰ ਦਾਖ਼ਲ ਹੋਏ ਅਤੇ ਅਲਮਾਰੀ ਵਿੱਚ ਪਈ 7 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਪੁਲਿਸ ਮੁਲਾਜ਼ਮ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਪੰਜ ਦੇ ਕਰੀਬ ਲੋਕ ਦਾਖਲ ਹੋਏ ਸਨ ਅਤੇ ਉਨ੍ਹਾਂ ਵੱਲੋਂ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਜਾਗ ਜਾਣ ਕਾਰਨ ਉਹ ਮੌਕੇ ਤੋ ਫ਼ਰਾਰ ਹੋ ਗਏ। ਉੱਧਰ ਇਸ ਸਬੰਧ ਵਿੱਚ ਪੁਲਿਸ ਵੱਲੋਂ ਥਾਣਾ ਸ਼ਹਿਰੀ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।