ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਅਕਸਰ ਹੀ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਸਕਿਆਂਵਾਲੀ ਦਾ ਸਬ ਹੈਲਥ ਸੈਂਟਰ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਬ ਹੈਲਥ ਸੈਂਟਰ ਬੱਸ ਅੱਡੇ ਵਿਚ ਹੀ ਬਣਿਆ ਹੋਇਆ ਹੈ ਅਤੇ ਇਸ ਸਬ ਹੈਲਥ ਸੈਂਟਰ ਨੂੰ ਬੱਸ ਅੱਡੇ ਅਤੇ ਸਬ ਹੈਲਥ ਸੈਂਟਰ ਤੌਰ ਤੇ ਵਰਤਿਆ ਜਾ ਰਿਹਾ ਹੈ। ਨਾ ਤੇ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਲੋਕਾਂ ਦੇ ਵਰਤਣ ਲਈ ਕੋਈ ਬਾਥਰੂਮ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਕੌਰ ਮਲਟੀਪ੍ਰਪਜ਼ ਹੈਲਥ ਵਰਕਰ,ਮਨਜੀਤ ਕੌਰ ਸੀ.ਐਚ. ਓ.ਕਮਿਊਨਟੀ ਹੈਲਥ ਅਫ਼ਸਰ, ਮਨਜੀਤ ਸਿੰਘ ਵਰਕਰ ਆਦਿ ਨੇ ਦੱਸਿਆ ਕਿ ਇਹ ਸਬ ਹੈਲਥ ਸੈਂਟਰ ਕਾਫੀ ਲਮੇ ਸਮੇਂ ਤੋਂ ਬੱਸ ਅੱਡੇ ਵਿਚ ਹੀ ਚੱਲ ਰਿਹਾ ਹੈ ਅਤੇ ਆਸ ਪਾਸ ਦੇ ਪੰਜ ਪਿੰਡਾਂ ਦੇ 6121 ਲੋਕਾਂ ਨੂੰ , ਗਰਭਵਤੀ ਔਰਤਾਂ, ਬੱਚਿਆਂ ਨੂੰ ਇਥੇ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ । ਉਕਤ ਸਟਾਫ ਮੈਂਬਰਾਂ ਵੱਲੋਂ ਕਿਹਾ ਗਿਆ ਕੇ ਇਸ ਬਾਬਤ ਉਨਾਂ ਵੱਲੋ ਪਿੰਡ ਦੇ ਸਰਪੰਚ ਅਤੇ ਆਪਣੇ ਮਹਿਕਮੇ ਦੇ ਅਧਿਕਾਰੀਆਂ ਨਾਲ ਵੀ ਕਈ ਵਾਰ ਗੱਲ ਕੀਤੀ ਗਈ ਹੈ ਕਿ ਸਾਨੂੰ ਕਿਸੇ ਵੱਖਰੀ ਜਗ੍ਹਾ ਤੇ ਇਕ ਕਮਰਾ ਹੀ ਬਣਾ ਕੇ ਦੇ ਦਿੱਤਾ ਜਾਵੇ ਤਾਂ ਜੋ ਉਨਾਂ ਵੱਲੋ ਸਿਹਤ ਸੇਵਾਵਾਂ ਲੋਕਾਂ ਨੂੰ ਏਸੇ ਤਰ੍ਹਾਂ ਦਿੱਤੀਆਂ ਜਾਣ ਪਰ ਉਨ੍ਹਾਂ ਦੀ ਗੱਲ ਵੱਲ ਕਿਸੇ ਵੱਲੋ ਵੀ ਧਿਆਨ ਨਹੀਂ ਦਿੱਤਾ ਜਾਂਦਾ ।
ਇਸ ਮੌਕੇ ਤੇ ਆਏ ਆਸ ਪਾਸ ਦੇ ਲੋਕਾਂ ਨੇ ਵੀ ਸਰਕਾਰ ਦੇ ਉੱਚ ਅਧਿਕਾਰੀਆਂ ਕੋਲੋਂ ਇਹੀ ਮੰਗ ਕੀਤੀ ਹੈ ਕਿ ਇਸ ਸਬ ਹੈਲਥ ਸੈਂਟਰ ਲਈ ਵੱਖਰੀ ਜਗ੍ਹਾ ਦਿੱਤੀ ਜਾਵੇ। ਇਸ ਸਬੰਧੀ ਜਦ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬ ਹੈਲਥ ਸੈਂਟਰ ਬਾਰੇ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਪਿੰਡ ਵਿਚ ਜਗ੍ਹਾ ਸਲੈਕਟ ਕਰ ਰਹੇ ਹਾਂ ਅਤੇ ਇਹ ਸਬ ਹੈਲਥ ਸੈਂਟਰ ਜਲਦ ਹੀ ਨਵਾਂ ਬਣਾ ਕੇ ਦਿੱਤਾ ਜਾਵੇਗਾ । ਇਸ ਸਬੰਧੀ ਐਸ. ਐਮ. ਓ. ਮੀਆਂਵਿੰਡ ਨਵੀਨ ਖੁੰਨਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਸਾਡੇ ਮਹਿਕਮੇ ਦੀ ਜਗਾ ਨਹੀਂ ਹੈ ਅਤੇ ਸਾਡੇ ਵੱਲੋ ਵੀ ਪਿੰਡ ਦੀ ਪੰਚਾਇਤ ਨੂੰ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਸਾਨੂੰ ਕੋਈ ਵੱਖਰੀ ਜਗ੍ਹਾ ਦਿੱਤੀ ਜਾਵੇ ਤਾਂ ਜੋ ਅਸੀ ਇਸ ਸਬ ਹੈਲਥ ਸੈਂਟਰ ਨੂੰ ਹੋਰ ਕਿਤੇ ਸ਼ਿਫਟ ਕਰ ਸਕੀਏ ।