ਤਰਨਤਾਰਨ: ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਫੁੱਟ ਦਾ ਸਾਹਮਣਾ ਕਰ ਰਹੀ ਹੈ, ਲਈ ਇੱਕ ਹੋਰ ਵੱਡੀ ਚੁਣੌਤੀ ਸਾਹਮਣੇ ਆ ਗਈ ਹੈ। ਦੱਸ ਦਈਏ ਕਿ ਸਿਆਸਤ 'ਚ ਵੱਡਾ ਰਸੂਖ ਰੱਖਣ ਵਾਲੇ ਦੋ ਪਰਿਵਾਰ ਆਹਮੋ-ਸਾਹਮਣੇ ਹੋ ਗਏ ਹਨ। ਸਾਬਕਾ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਆਪਣਾ ਹਲਕਾ ਛੱਡ ਦਿੱਤਾ ਹੈ ਤੇ ਇਹ ਐਲਾਨ ਕੀਤਾ ਹੈ ਕਿ ਉਹ ਖੇਮਕਰਨ ਹਲਕੇ ਤੋਂ ਹੀ ਚੋਣ ਲੜਣਗੇ।
ਇਸ ਐਲਾਨ ਤੋਂ ਬਾਅਦ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਦੋਫ਼ਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋ ਬਾਦਲ ਪਰਿਵਾਰ ਦੇ ਜਵਾਈ ਵੀ ਹਨ, ਨੇ ਖੇਮਕਰਨ ਹਲਕੇ ’ਚ ਸਰਗਰਮੀਆਂ ਨੂੰ ਵਧਾ ਵੀ ਦਿੱਤਾ। ਜਿਸਦੇ ਚੱਲਦੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਸਿਆਸਤ ਪੂਰੀ ਤਰ੍ਹਾਂ ਨਾਲ ਭਖ ਗਈ ਹੈ।
ਅਕਾਲੀ ਦਲ ਕਿਸੇ ਦੇ ਪਿਉ ਦੀ ਜਾਗੀਰ ਨਹੀਂ: ਵਲਟੋਹਾ
ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ’ਤੇ ਸ਼ਬਦੀ ਹਮਲੇ ਕੀਤੇ ਗਏ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਪਿਉ ਦੀ ਜਾਗੀਰ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੀਆਂ ਟਿਕਟਾਂ ਦਾਜ ’ਚ ਨਹੀਂ ਮਿਲਦੀਆਂ ਹੁੰਦੀਆਂ।
ਇਹ ਵੀ ਪੜੋ: ਮਹਿੰਗਾਈ ਦੇ ਵਿਰੋਧ ’ਚ ਅਕਾਲੀ ਦਲ ਨੇ ਪੰਜਾਬ ਸਰਕਾਰ ਤੇ ਕੇਂਦਰ ਖਿਲਾਫ਼ ਖੋਲ੍ਹਿਆ ਮੋਰਚਾ
15 ਦੀ ਰੈਲੀ ਕਰੇਗੀ ਸਭ ਦੇ ਭੁਲੇਖੇ ਨੂੰ ਦੂਰ: ਵਲਟੋਹਾ
ਕਾਬਿਲੇਗੌਰ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ 15 ਮਾਰਚ ਨੂੰ ਅਕਾਲੀ ਦਲ ਵੱਲੋਂ ਕਾਂਗਰਸ ਤੋਂ ਚਾਰ ਸਾਲਾਂ ਦਾ ਹਿਸਾਬ ਲੈਣ ਲਈ ਖੇਮਕਰਨ ਹਲਕੇ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿੱਚ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਅਕਾਲੀ ਲੀਡਰਸ਼ਿਪ ਪਹੁੰਚ ਰਹੀ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੀਆਂ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਰੈਲੀ ਸਾਰਿਆਂ ਦੇ ਭੁਲੇਖਿਆਂ ਨੂੰ ਦੂਰ ਕਰ ਦੇਵੇਂਗੀ। ਮੇਰੇ ਪੂਰੇ ਪਰਿਵਾਰ ਵੱਲੋਂ ਅਕਾਲੀ ਦਲ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਸੇਵਾ ਕੀਤੀ ਜਾਵੇਗੀ।