ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਵਲੋਂ ਸ਼ਨੀਵਾਰ ਰਾਤ ਜੰਡਿਆਲਾ ਗੁਰੂ ਮਾਰਗ 'ਤੇ ਨਾਕਾਬੰਦੀ ਦੌਰਾਨ ਇਕ ਕਾਰ 'ਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਪਾਸੋਂ 2.60 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੰਜਾਬ ਵਿੱਚ ਹਾਈ ਅਲਰਟ ਦੌਰਾਨ ਜ਼ਿਲ੍ਹੇ ਭਰ ਵਿੱਚ ਰਾਤ ਦੀ ਨਾਕਾਬੰਦੀ ਤੇਜ ਕੀਤੀ ਗਈ ਹੈ। ਇਸ ਦੌਰਾਨ ਬੀਤੀ ਰਾਤ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਤਰਨਤਾਰਨ ਜੰਡਿਆਲਾ ਗੁਰੂ ਮਾਰਗ ਉੱਤੇ ਨਾਕਾਬੰਦੀ ਕੀਤੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਵੱਲੋਂ ਚਿੱਟੇ ਰੰਗ ਦੀ ਕਾਰ (ਪੀਬੀ 08 ਈਕਿਊ 8999) ਨੂੰ ਰੋਕਿਆ ਗਿਆ। ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੇ ਪੁਲਿਸ ਨੂੰ ਝਕਾਨੀ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਪੁਲਿਸ ਨੇ ਦੋਵਾਂ ਨੂੰ ਘੇਰ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ 4 ਕਿਲੋ ਹੈਰੋਇਨ, 2.60 ਲੱਖ ਰੁਪਏ ਦੀ ਡਰੱਗ ਮਨੀ, ਦੋ ਪਿਸਤੌਲ (45 ਬੋਰ) ਅਤੇ 18 ਕਾਰਤੂਸ ਬਰਾਮਦ ਹੋਏ। ਇਨ੍ਹਾਂ ਦੋਵਾਂ ਤਸਕਰਾਂ ਦੀ ਪਛਾਣ ਸੁਰਜੀਤ ਸਿੰਘ ਉਰਫ਼ ਸ਼ੀਰਾ ਅਤੇ ਗਗਨਦੀਪ ਸਿੰਘ ਉਰਫ਼ ਗਗਨ ਦੋਵੇਂ ਵਾਸੀ ਪਿੰਡ ਧੁੰਨਾਂ ਵਾਲਾ (ਵਿਸ ਹਲਕਾ ਖਡੂਰ ਸਾਹਿਬ) ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਇਹ ਦੋਵੇਂ ਤਸਕਰ ਵੱਖ-ਵੱਖ ਮਾਮਲਿਆਂ ਵਿੱਚ ਭਗੌੜੇ ਸਨ। ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਦੇਸ਼ ਭਰ ਵਿਚ ਸਪਲਾਈ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ : Amritpal Singh : ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਦੇ ਇਲਜ਼ਾਮਾਂ ਹੇਠ ਪਟਿਆਲਾ ਤੋਂ ਔਰਤ ਗ੍ਰਿਫਤਾਰ
ਇਹ ਵੀ ਯਾਦ ਰਹੇ ਕਿ ਪੰਜਾਬ ਪੁਲਿਸ ਦੇ ਚੰਡੀਗੜ੍ਹ ਹੈਡਕੁਆਟਰ ਤੋਂ ਬੋਲਦਿਆਂ ਆਈਜੀ ਸੁਖਚੈਨ ਸਿੰਘ ਗਿੱਲ ਨੇ 23 ਜਨਵਰੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੀ ਕਿ ਪੁਲਿਸ ਨੇ ਪੂਰੇ ਹਫਤੇ ਦੌਰਾਨ ਲਦਾਤਾਰ ਚੌਕਸੀ ਵਰਤਦਿਆਂ ਕਈ ਛਾਪੇਮਾਰੀਆਂ ਕੀਤੀਆਂ ਅਤੇ ਵੱਖ ਵੱਖ ਥਾਵਾਂ ਤੋਂ 5 ਕਿੱਲੋ ਹੈਰੋਇਨ, 4.90 ਕਿਲੋ ਅਫੀਮ, 5.92 ਕੁਇੰਟਲ ਭੁੱਕੀ ਅਤੇ 1.95 ਲੱਖ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਫਾਰਮਾ ਓਪੀਔਡਜ਼ ਦੇ ਕੈਪਸੂਲ ਤੋਂ ਇਲਾਵਾ 7.89 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਦੌਰਾਨ ਐਨਡੀਪੀਐਸ ਕੇਸਾਂ ਵਿੱਚ 13 ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 636 ਹੋ ਗਈ ਹੈ। ਉਨ੍ਹਾਂ ਕਿਹਾ ਪੁਲਿਸ ਨੇ 5 ਜੁਲਾਈ 2022 ਨੂੰ ਇਹ ਗ੍ਰਿਫ਼ਤਾਰ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਹਰ ਹਫ਼ਤੇ ਜਾਰੀ ਕੀਤੀ ਜਾਂਦੀ ਹੈ ਰਿਪੋਰਟ: ਦੱਸ ਦਈਏ ਕਿ ਆਈਜੀਪੀ ਸੁਖਚੈਨ ਸਿੰਘ ਗਿੱਲ ਵੱਲੋਂ ਨਸ਼ੇ ਸਬੰਧੀ ਹਫ਼ਤਾਵਰੀ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਜਿਸਦੇ ਵਿਚ ਕੁੱਲ ਨਸ਼ਾ ਤਸਕਰੀ ਦੇ ਕੇਸ ਅਤੇ ਗ੍ਰਿਫ਼ਤਾਰੀਆਂ ਦਾ ਵੇਰਵਾ ਸਾਂਝਾ ਕੀਤਾ ਜਾਂਦਾ।