ਅੰਮ੍ਰਿਤਸਰ: ਥਾਣਾ ਖੇਮਕਰਨ ਵਿਖੇ ਇਕ ਜੁਆਈ ਵੱਲੋਂ ਆਪਣੇ ਸਹੁਰੇ ਦੇ ਸਿਰ ਵਿੱਚ ਸੱਟ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਧੀ ਦੇ ਸਹੁਰੇ ਘਰ ਚਲਦੇ ਝਗੜੇ ਦਾ ਨਿਪਟਾਰਾ ਜਦੋਂ ਪੰਚਾਇਤ ਵਿੱਚ ਨਾ ਹੋਇਆ ਤਾਂ ਕੁੜੀ ਨੂੰ ਆਪਣੇ ਘਰ ਲਿਆ ਰਹੇ ਪਰਿਵਾਰ ਦਾ ਆਪਣੇ ਸਾਥੀਆਂ ਸਮੇਤ ਪਿੱਛਾ ਕਰ ਕੇ ਜਵਾਈ ਨੇ ਸਹੁਰੇ ਨੂੰ ਜਿਥੇ ਮੌਤ ਦੇ ਘਾਟ ਉਤਾਰ ਦਿੱਤਾ, ਉਥੇ ਹੀ ਸਾਲੇ ਅਤੇ ਸੱਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇੰਨਾ ਹੀ ਨਹੀਂ ਸਹੁਰੇ ’ਤੇ ਕੀਤੇ ਹਮਲੇ ਦੌਰਾਨ ਬੇਕਾਬੂ ਹੋ ਕੇ ਮੋਟਰਸਾਈਕਲ ਰੇਹੜੀ ਪਲਟਣ ਕਾਰਨ ਉਸਦਾ ਆਪਣਾ ਇੱਕ ਮਾਸੂਮ ਬੱਚਾ ਅਤੇ ਪਤਨੀ ਵੀ ਜ਼ਖ਼ਮੀ ਹੋ ਗਏ। ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਚਾਰ ਲੋਕਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
ਖੇਮਕਰਨ ਵਾਸੀ ਦਲੇਰ ਸਿੰਘ (46) ਦੀ ਲੜਕੀ ਸੋਨੀਆ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਵੈਰੋਵਾਲ ਵਾਸੀ ਸਤਨਾਮ ਸਿੰਘ ਉਰਫ ਸਾਗਰ ਪੁੱਤਰ ਬਲਦੇਵ ਸਿੰਘ ਨਾਲ ਹੋਇਆ ਸੀ। ਸੋਨੀਆ ਇਸ ਵੇਲੇ ਜੁਗਰਾਜ ਸਿੰਘ ਨਾਂ ਦੇ ਇਕ ਸਾਲ ਦੇ ਬੱਚੇ ਦੀ ਮਾਂ ਵੀ ਹੈ। ਸੋਨੀਆ ਦੇ ਸਹੁਰੇ ਘਰ ਚੱਲ ਰਹੇ ਕਲੇਸ਼ ਦਾ ਨਿਪਟਾਰਾ ਕਰਨ ਲਈ ਨੂੰ ਦਲੇਰ ਸਿੰਘ ਆਪਣੀ ਪਤਨੀ ਬਲਜੀਤ ਕੌਰ ਅਤੇ ਪੁੱਤਰ ਜਸ਼ਨ ਨਾਲ ਵੈਰੋਵਾਲ ਗਿਆ। ਪਰ ਪੰਚਾਇਤੀ ਫੈਸਲਾ ਨਾ ਹੋ ਸਕਿਆ।
ਦੇਰ ਸ਼ਾਮ ਦਲੇਰ ਸਿੰਘ ਆਪਣੀ ਮੋਟਰਸਾਈਕਲ ਰੇਹੜੀ ’ਤੇ ਸੋਨੀਆ ਅਤੇ ਉਸਦੇ ਬੱਚੇ ਜੁਗਰਾਜ ਨੂੰ ਲੈ ਕੇ ਖੇਮਕਰਨ ਲਈ ਚੱਲ ਪਿਆ। ਉਹ ਖੇਮਕਰਨ ਤੋਂ ਕੁਝ ਹੀ ਦੂਰੀ ’ਤੇ ਸੀ ਕਿ ਪਿੱਛੋਂ ਸੋਨੀਆ ਦਾ ਪਤੀ ਆਪਣੇ ਸਾਥੀਆਂ ਨਾਲ ਪਿੱਛੋ ਆ ਗਿਆ ਜਿਨ੍ਹਾਂ ਨੇ ਰੇਹੜੀ ਚਲਾ ਰਹੇ ਦਲੇਰ ਸਿੰਘ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਰੇਹੜੀ ਪਲਟ ਗਈ ਅਤੇ ਉਸ ਵਿਚ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਜਦਕਿ ਡਾਂਗ ਮਾਰ ਕੇ ਸਾਗਰ ਨੇ ਆਪਣੇ ਸਹੁਰੇ ਦਲੇਰ ਸਿੰਘ ਦਾ ਕਤਲ ਕਰ ਦਿੱਤਾ।