ਤਰਨ ਤਾਰਨ: ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਐਸ ਡੀ ਐਮ ਖਡੂਰ ਸਾਹਿਬ ਦੇ ਦਫਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਭੱਤੇ 'ਚ ਕੀਤੇ ਵਾਧੇ ਨੂੰ ਲਾਗੂ ਕਰਨ ਦੀ ਮੰਗ ਪੰਜਾਬ ਨੰਬਰਦਾਰ ਯੂਨੀਅਨ ਰਜਿ (643) ਦੀ ਤਹਿਸੀਲ ਇਕਾਈ ਖਡੂਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਵਿਖੇ ਤਹਿਸੀਲ ਪ੍ਰਧਾਨ ਗੁਰਮੁਖ ਸਿੰਘ ਅਤੇ ਸਬ ਤਹਿਸੀਲ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਗੁਜਰਪੁਰ ਦੀ ਪ੍ਰਧਾਨਗੀ ਹੇਠ ਹੋਈ।
ਇਸ ਵਿੱਚ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬੋਦੇਵਾਲ ਅਤੇ ਜਿਲਾ ਜਨਰਲ ਸਕੱਤਰ ਰਸ਼ਪਾਲ ਸਿੰਘ ਭੂਤਵਿੰਡ ਵਿਸ਼ੇਸ਼ ਤੌਰ ਤੇ ਸਾਮਲ ਹੋਏ। ਇਸ ਮੌਕੇ ਮੀਟਿੰਗ ਦੌਰਾਨ ਸਬ ਤੋਂ ਪਹਿਲਾਂ ਪਿਛਲੇ ਦਿਨੀਂ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਏ ਸਾਥੀ ਨੰਬਰਦਾਰਾਂ ਅਤੇ ਦਿੱਲੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਕਾਲੇ ਕਾਨੂੰਨਾਂ ਖਿਲਾਫ ਐਸ ਡੀ ਐਮ ਖਡੂਰ ਸਾਹਿਬ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਯੂਨੀਅਨ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਵੱਲੋਂ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਨੰਬਰਦਾਰਾਂ ਦੇ ਮਾਣੇ ਭੱਤੇ ਵਿੱਚ 500 ਰੁਪੈ ਵਾਧੇ ਦੇ ਐਲਾਨ ਨੂੰ ਲਾਗੂ ਕੀਤਾ ਜਾਵੇ। ਮੀਟਿੰਗ ਉਪਰੰਤ ਐਸ ਡੀ ਐਮ ਖਡੂਰ ਸਾਹਿਬ ਦੇ ਦਫਤਰ ਅੱਗੇ ਸਮੂਹ ਨੰਬਰਦਾਰਾਂ ਨੇ ਮੋਦੀ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਕਾਲੇ ਕਾਨੂੰਨ ਵਾਪਸ ਲਏ ਜਾਣ ਅਤੇ ਜੇਲ੍ਹਾਂ ਵਿੱਚ ਬੰਦ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਦਿੱਲੀ ਧਰਨੇ ਨੂੰ ਹਰ ਪਖੋਂ ਹਮਾਇਤ ਦੇਣ ਦਾ ਐਲਾਨ ਕੀਤਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਯੂਨੀਅਨ ਦੇ ਆਗੂ ਦਿੱਲੀ ਸੰਘਰਸ਼ ਵਿੱਚ ਹਾਜ਼ਰੀ ਭਰਕੇ ਆਏ ਹਨ ਅਤੇ ਫੰਡ ਵੀ ਭੇਟ ਕੀਤਾ ਗਿਆ ਸੀ।