ਤਰਨਤਾਰਨ: ਤਰਨਤਾਰਨ ਦੇ ਕਸਬਾ ਖਾਲੜਾ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਪਰਟੀ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬਾਈਕ ਸਵਾਰ 4 ਹਮਲਾਵਰਾਂ ਨੇ ਅਚਾਨਕ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਿਕ ਫਾਇਰ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੇ ਮੁਲਜ਼ਮਾਂ ਦਾ ਮੋਟਰਸਾਈਕਲ ਡਿੱਗ ਪਿਆ ਅਤੇ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ: ਪੁਲਿਸ ਮੁਤਾਬਿਕ ਜਦੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਦੇ ਕੋਲੋਂ ਇੱਕ ਕਿੱਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਮੁਤਾਬਿਕ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਹੈ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੇ ਜਿਸ ਹਥਿਆਰ ਨਾਲ ਪੁਲਿਸ ਪਾਰਟੀ ਉੱਤੇ ਹਮਲਾ ਕੀਤਾ ਸੀ ਉਹ ਵੀ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਮੁਲਜ਼ਮਾਂ ਵੱਲੋਂ ਫਾਇਰ ਕੀਤੀਆਂ ਗਈਆਂ ਤਿੰਨ ਗੋਲ਼ੀਆਂ ਦੇ ਖੋਲ੍ਹ ਬਰਾਮਦ ਕਰ ਲਏ ਗਏ ਨੇ। ਨਾਲ ਹੀ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ 5 ਜ਼ਿੰਦਾ ਰੌਂਦ ਵੀ ਬਰਾਮਦ ਹੋਏ ਹਨ।
ਬਾਰਡਰ ਪਾਰ ਤੋਂ ਹੈਰੋਇਨ ਤਸਕਰੀ: ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਬਾਰਡਰ ਪਾਰ ਵੀ ਲਿੰਕ ਸਨ ਅਤੇ ਇਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਪੰਜਾਬ ਵਿੱਚ ਲਿਆ ਕੇ ਅੱਗੇ ਤਸਕਰੀ ਕਰਦੇ ਸਨ। ਪੁਲਿਸ ਮੁਤਾਬਿਕ ਨਸ਼ਾ ਤਸਕਰ ਹਿਸਟਰੀ ਸ਼ੀਟਰ ਨੇ ਅਤੇ ਇਨ੍ਹਾਂ ਉੱਤੇ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਨੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਬਾਰਡਰ ਪਾਰ ਦੀਆਂ ਹੋਰ ਗਤੀਵਿਧੀਆਂ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ।
ਦੱਸ ਦਈਏ ਇਸ ਤੋਂ ਪਹਿਲਾਂ ਜਲੰਧਰ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ਼ਾਹਕੋਟ ਵਿੱਚ ਨਾਕਾਬੰਦੀ ਦੌਰਾਨ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ 11 ਕਿੱਲੋ ਹੈਰੋਇਨ ਅਤੇ 11 ਲੱਖ ਰੁਪਏ ਤੋਂ ਵੱਧ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਕਥਿਤ ਦਤਸਕਰਾਂ ਕੋਲੋਂ ਇੱਕ ਗੱਡੀ ਵੀ ਬਰਾਮਦ ਹੋਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਚਾਰੇ ਮੁਲਜ਼ਮ ਇੱਕ ਆਈ20 ਕਾਰ ਵਿੱਚ ਸਵਾਰ ਸਨ, ਜਦੋਂ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਇੱਕ ਕਿੱਲੋ ਦੇ ਗਿਆਰਾਂ ਪੈਕੇਟ ਹੈਰੋਇਨ ਅਤੇ 11 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਫੜ੍ਹੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਹਰਜਿੰਦਰਪਾਲ ਸਿੰਘ, ਸੰਜੀਤ ਉਰਫ਼ ਮਿੰਟੂ ਵਾਸੀ ਫ਼ਿਰੋਜ਼ਪੁਰ ਅਤੇ ਕਿਸ਼ਨ ਸਿੰਘ ਵਾਸੀ ਗੰਗਾਨਗਰ (ਰਾਜਸਥਾਨ) ਵੱਜੋਂ ਹੋਈ , ਜਿਨ੍ਹਾਂ ਵਿੱਚ ਮੁੱਖ ਸਰਗਨਾ ਰਣਜੀਤ ਸਿੰਘ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ: Alert in Punjab Jails : ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨੂੰ ਕੀਤਾ ਗਿਆ ਅਲਰਟ, ਜੇਲ੍ਹ ਅਧਿਕਾਰੀਆਂ ਨੂੰ ਲਿਖਿਆ ਪੱਤਰ