ਤਰਨਤਾਰਨ: ਨਸ਼ੇ ਦੀ ਮਾੜੀ ਆਦਤ ਦੇ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਦੇ ਇਲਾਜ ਲਈ ਪ੍ਰਾਇਮਰੀ ਹੈੱਲਥ ਸੈਂਟਰ ਵੱਲੋਂ ਹਰੀਕੇ ਪੱਤਣ ਅਤੇ ਸਿਵਲ ਹਸਪਤਾਲ ਪੱਟੀ ਵਿਖੇ 'ਓ.ਓ.ਏ.ਟੀ' ਕਲੀਨਿਕ ਖੋਲਿਆ। 'ਓ.ਓ.ਏ.ਟੀ' ਕਲੀਨਿਕ ਦਾ ਉਦਘਾਟਨ ਹਲਕਾ ਵਿਧਾਇਕ ਪੱਟੀ ਦੇ ਹਰਮਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕੀਤਾ। ਇਸ ਉਦਘਾਟਨ 'ਚ ਸਿਵਲ ਸਰਜਨ ਡਾ. ਅਨੂਪ ਕੁਮਾਰ ਚੇਅਰਮੈਨ ਬਲਾਕ ਸੰਮਤੀ ਪੱਟੀ ਸੁਖਵਿੰਦਰ ਸਿੰਘ ਸਿਧੂ ਆਦਿ ਸ਼ਾਮਲ ਸਨ।
ਇਸ ਮੌਕੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਮੁਕੰਮਲ ਤਰੀਕੇ ਨਾਲ ਖ਼ਤਮ ਕਰਨ ਲਈ ਸੂਬੇ ਵਿੱਚ 35 ਸਰਕਾਰੀ ਨਸ਼ਾ-ਛੁਡਾਊ ਕੇਂਦਰ, 193 ਸਰਕਾਰੀ 'ਓ.ਓ.ਏ.ਟੀ' ਕਲੀਨਿਕ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 9 ਕੇਂਦਰੀ ਜੇਲ੍ਹਾਂ ਵਿੱਚ ਨਸ਼ਾ-ਛੁਡਾਊ ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਇਲਾਜ ਲਈ 106 ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ ਨੂੰ ਅਧਿਕਾਰਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਜ ਵਿੱਚ 3 ਲੱਖ 66 ਹਜ਼ਾਰ ਮਰੀਜ਼ਾਂ ਨੂੰ ਹੁਣ ਤੱਕ ਇਲਾਜ ਲਈ ਰਜਿਸਟਰ ਵੀ ਕੀਤਾ ਜਾ ਚੁੱਕਾ ਹੈ। ਇਸ ਪਹਿਲਕਦਮੀ ਉੱਤੇ 104 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾ ਚੁੱਕੇ ਹਨ। ਹਰਮਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਮੇਂ ਤਾਂ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਪੋਲਿਓ ਵਰਗੀ ਬਿਮਾਰੀ ਨੂੰ ਖ਼ਤਮ ਕਰਨ ਲਈ ਕਿੰਨ੍ਹਾਂ ਸਮਾਂ ਲੱਗਾ ਸੀ ਉਸ ਤਰ੍ਹਾਂ ਹੀ ਨਸ਼ੇ ਨੂੰ ਖ਼ਤਮ ਕਰਨ ਵੀ ਸਮਾਂ ਲਗੇਗਾ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ “ਡੈਪੋ” ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਆਮ ਲੋਕਾਂ ਦੇ ਸਹਿਯੋਗ ਨਾਲ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਅਤੇ ਪੱਟੀ ਵਿਖੇ 'ਓ.ਓ.ਏ.ਟੀ' ਕਲੀਨਿਕ ਸ਼ੁਰੂ ਹੋਣ ਨਾਲ ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਨੂੰ ਰੋਜ਼ਾਨਾ ਦਵਾਈ ਲੈਣ ਦੀ ਸਹੂਲਤ ਹੋਵੇਗੀ ਅਤੇ ਇਸ ਨਾਲ ਉਨ੍ਹਾਂ ਨੂੰ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਦੇ ਪਿੰਡਾਂ ਜਾਂ ਇਲਾਕਿਆਂ ਕੋਲ 'ਓ.ਓ.ਏ.ਟੀ' ਕਲੀਨਿਕ ਮਹੁੱਈਆ ਕੀਤੇ ਜਾਣਗੇ।