ਤਰਨ ਤਾਰਨ: ਸੂਬੇ ਵਿੱਚ ਨਸ਼ੇ ਦੇ ਕਾਰੋਬਾਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਲਗਾਤਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਦਲਦਲ ਵਿੱਚ ਧਸਦੀ ਜਾ ਰਹੀ ਹੈ। ਤਾਜ਼ਾ ਮਾਮਲਾ ਤਰਨ ਤਾਰਨ ਦੇ ਪੱਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਚਿੱਟੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ ( brother of 3 sisters dies of drug overdose ) ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੀ ਪਛਾਣ ਪਿੱਪਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਘਰਿਆਲੀ ਦਾਸੂਵਾਲੀਆ ਵਜੋਂ ਹੋਈ ਹੈ।
ਦੱਸ ਦਈਏ ਕਿ ਪਿੱਪਲ ਸਿੰਘ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਪਿੰਡ ਭੱਗੂਪੁਰ ਗਿਆ ਹੋਇਆ ਸੀ ਜਿੱਥੇ ਉਸ ਨੇ ਚਿੱਟੇ ਦਾ ਟੀਕਾ ਲਗਾਇਆ ਗਿਆ ਸੀ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਆਲੇ ਦੁਆਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸਦੇ ਨਾਲ ਹੀ, ਪਰਿਵਾਰ ਅਤੇ ਲੋਕਾਂ ਵਿੱਚ ਰੋਸ ਦੀ ਲਹਿਰ ਵੀ ਪਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਪਿੱਪਲ ਸਿੰਘ ਨਸ਼ੇ ਦਾ ਸੇਵਨ ਕਰਨ ਦਾ ਆਦੀ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੇ ਪਿੱਪਲ ਸਿੰਘ ਨੂੰ ਪੱਟੀ ਦੇ ਨਸ਼ਾ ਛੁਡਾਊ ਕੇਂਦਰ ਵਿਚ ਵੀ ਦਾਖ਼ਲ ਕਰਵਾਇਆ ਸੀ, ਜਿੱਥੇ ਛੇ ਮਹੀਨੇ ਨਸ਼ਾ ਕੇਂਦਰ ਦੇ ਵਿਚ ਰਹਿਣ ਤੋਂ ਬਾਅਦ ਪਿੱਪਲ ਸਿੰਘ ਨੂੰ ਫਿਰ ਘਰ ਲੈ ਲਿਆਂਦਾ।
ਉਨ੍ਹਾਂ ਦੱਸਿਆ ਕਿ ਨੌਜਵਾਨ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪੱਟੀ ਦੀ ਵਾਰਡ ਨੰਬਰ 12 ਭਾਰੂ ਵਾਲੀ ਬਸਤੀ ਵਿਖੇ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਘਰ ਹੀ ਚਿੱਟੇ ਦਾ ਟੀਕਾ ਲਾ ਲਿਆ ਜਿਸ ਕਾਰਨ ਪਿੱਪਲ ਸਿੰਘ ਬੇਹੋਸ਼ ਹੋ ਗਿਆ ਜਿਸ ਨੂੰ ਪ੍ਰਾਈਵੇਟ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮੌਕੇ ਸ਼ਖ਼ਸ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਖੜ੍ਹੇ ਕੀਤੇ ਹਨ। ਮ੍ਰਿਤਕ ਨੌਜਵਾਨ ਦੀ ਮਾਂ ਨੇ ਭੁੱਬਾਂ ਮਾਰ-ਮਾਰ ਆਪਣਾ ਦਰਦ ਬਿਆਨ ਕੀਤਾ ਹੈ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗੀ ਕੀਤੀ ਹੈ।
ਓਧਰ ਸੂਚਨਾ ਮਿਲਦੇ ਹੀ, ਘਟਨਾ ਸਥਾਨ ਉੱਪਰ ਪੁਲਿਸ ਪਹੁੰਚੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤੀ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਬਠਿੰਡਾ ਵਿੱਚ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪੰਜਾਬ ਵਿੱਚ ਨਸ਼ੇ ਖਿਲਾਫ਼ ਲੋਕ ਰੋਸ ਭਖ਼ਦਾ ਜਾ ਰਿਹਾ ਹੈ ਅਤੇ ਨਸ਼ੇ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਿੰਡ ਦੇ ਲੋਕਾਂ ਦੀ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ, ਕਿਹਾ ਨਹੀਂ ਸੁਧਰੇ ਤਾਂ...