ਤਾਰਨ ਤਾਰਨ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਿੱਖੀਵਿੰਡ ਵਿਖੇ ਬੀਡੀਪੀਓ ਦਫ਼ਤਰ ਦਾ ਦਰਵਾਜਾ ਬੰਦ ਕਰਕੇ ਬੀਡੀਪੀਓ ਖਿਲਾਫ ਜੰਮਕੇ ਨਾਰੇਬਾਜੀ ਕੀਤੀ ਅਤੇ ਵਿਰੋਧ ਜ਼ਾਹਿਰ ਕੀਤਾ ਗਿਆ। ਦਰਅਸਲ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੀਡੀਪੀਓ ਦਫ਼ਤਰ ਦੇ ਦਰਵਾਜ਼ੇ ਬੰਦ ਕਰਕੇ ਬੀਡੀਪੀਓ ਖਿਲਾਫ ਨਾਅਰੇਬਾਜ਼ੀ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਕਲਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਲਸੀਆਂ ਕਲਾਂ ਵਿੱਚ ਬੀਤੇ ਕੁਝ ਦਿਨ ਪਹਿਲਾਂ ਪਿੰਡ ਦੇ ਸਰਪੰਚ ਬਖਸੀਸ ਸਿੰਘ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬਗੈਰ ਪੰਚਾਇਤ ਦਾ ਮਤਾ ਪਾਏ ਪੰਚਾਇਤੀ ਜ਼ਮੀਨ ਵਿੱਚੋਂ ਟਾਹਲੀਆਂ ਵਢਾ ਕੇ ਵੇਚ ਦਿੱਤੀਆਂ।
ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ: ਜਿਸ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਪਤਾ ਚਲਿਆ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਭਿੱਖੀਵਿੰਡ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲਦੀਆਂ ਟਾਹਲੀਆਂ ਸਣੇ ਟਰੈਕਟਰ ਅਤੇ ਟਰਾਲੀ ਨੂੰ ਥਾਣਾ ਭਿੱਖੀਵਿੰਡ ਆਪਣੇ ਨਾਲ ਲੈ ਗਈ ਪਰ ਥਾਣਾ ਭਿੱਖੀਵਿੰਡ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਇਸ ਟਰੈਕਟਰ ਟਰਾਲੀ ਨੂੰ ਬਗੈਰ ਕਿਸੇ ਕਾਗ਼ਜ਼ ਵਿਖਾਏ ਛੱਡ ਦਿੱਤਾ ਗਿਆ।
ਬੀਡੀਪੀਓ ਖਿਲਾਫ ਨਾਅਰੇਬਾਜ਼ੀ ਕਰਨੀ ਪਈ: ਉਨ੍ਹਾਂ ਵੱਲੋਂ ਥਾਣਾ ਭਿੱਖੀਵਿੰਡ ਪੁਲਿਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬੀ ਡੀ ਪੀ ਓ ਭਿਖੀਵਿੰਡ ਵੱਲੋਂ ਉਨ੍ਹਾਂ ਨੂੰ ਮਤੇ ਦੀ ਕਾਪੀ ਵਿਖਾਈ ਗਈ ਹੈ ਜਿਸ ਤੋਂ ਬਾਅਦ ਇਹ ਟਰੈਕਟਰ ਟਰਾਲੀ ਛੱਡਿਆ ਗਿਆ ਹੈ ਤਰਸੇਮ ਸਿੰਘ ਨੇ ਕਿਹਾ ਕਿ ਜਦ ਉਨ੍ਹਾਂ ਵੱਲੋਂ ਬੀਡੀਪੀਓ ਭਿੱਖੀਵਿੰਡ ਤੋਂ ਪੁੱਛਿਆ ਗਿਆ ਤਾਂ ਬੀਡੀਪੀਓ ਅੱਗੋਂ ਉਨ੍ਹਾਂ ਨੂੰ ਟਾਲ-ਮਟੋਲ ਕਰ ਰਿਹਾ ਹੈ ਅਤੇ ਅੱਜ ਵੀ ਸਮਾਂ ਦੇ ਕੇ ਬੀਡੀਪੀਓ ਬਲਾਕ ਵਿੱਚ ਨਹੀਂ ਆਇਆ। ਜਿਸ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਬਲਾਕ ਦਾ ਬੂਹਾ ਬੰਦ ਕਰਕੇ ਮਜਬੂਰ ਹੋ ਕੇ ਬੀਡੀਪੀਓ ਖਿਲਾਫ ਨਾਅਰੇਬਾਜ਼ੀ ਕਰਨੀ ਪਈ ਹੈ। ਇਸ ਮੌਕੇ ਕਿਸਾਨ ਆਗੂ ਤਰਸੇਮ ਸਿੰਘ ਨੇ ਦੱਸਿਆ ਕਿ ਬੀਡੀਪੀਓ 'ਤੇ ਦਬਾਵ ਬਨਾਉਣ ਤੋਂ ਬਾਅਦ ਬੀਡੀਪੀਓ ਵੱਲੋਂ ਆਪਣੇ ਸੁਪਰਡੈਂਟ ਦਵਿੰਦਰ ਸਿੰਘ ਨੂੰ ਉਨ੍ਹਾਂ ਕੋਲ ਭੇਜਿਆ ਗਿਆ, ਜੋ ਉਨ੍ਹਾਂ ਨੇ ਫਿਰ ਤੋਂ ਇਕ ਮੰਗ ਪੱਤਰ ਦੇ ਕੇ ਪਿੰਡ ਕਲਸੀਆਂ ਕਲਾਂ ਦੇ ਸਰਪੰਚ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਹੁਣ ਫਿਰ ਬੀਡੀਪੀਓ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਪ੍ਰਦਰਸ਼ਨ ਕਰਨਗੇ ਓਧਰ ਜਦ ਇਸ ਮਾਮਲੇ ਨੂੰ ਲੈ ਕੇ ਬੀਡੀਪੀਓ ਗੁਰਮੁਖ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੂੰ ਵਾਰ-ਵਾਰ ਫੋਨ ਲਾਉਣ ਤੇ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਪੂਰੀ ਕਹਾਣੀ ਪਿੱਛੇ ਕੋਈ ਨਾ ਕੋਈ ਗੱਲ ਜਰੂਰ ਹੈ।ਜਿਸ ਦਾ ਜੁਆਬ ਹੁਣ ਬੀਡੀਪੀਓ ਕੋਲ ਨਹੀਂ ਸੀ। ਉਧਰ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਨਹੀਂ ਮਰਨ ਦਿਆਂਗੇ। ਅਜਿਹਾ ਕੋਈ ਕੰਮ ਨਹੀਂ ਹੋਵੇਗਾ ਜੋ ਕਿ ਲੋਕ ਵਿਰੋਧੀ ਹੋਵੇ ,ਅਸੀਂ ਹਰ ਇਕ ਲਈ ਖੜੇ ਸੀ ਖੜ੍ਹੇ ਰਹਾਂਗੇ।