ਤਰਨਤਾਰਨ: ਭਿੱਖੀਵਿੰਡ ਤੋਂ ਮਹਿਜ਼ 10 ਕਿਲੋਮੀਟਰ ਦੂਰ ਵੰਡ ਤੋਂ ਕਈ ਸਾਲ ਪਹਿਲਾਂ ਅੰਗਰੇਜ਼ੀ ਹਕੂਮਤ ਤੋਂ ਵੱਲੋਂ ਦੇਸ਼ ਦੀ ਸਰਹੱਦ ਉੱਤੇ ਵਸੇ ਪਿੰਡ ਖਾਲੜਾ ਵਿੱਚ ਇੱਕ ਰੈਸਟ ਹਾਊਸ ਦੀ ਉਸਾਰੀ ਕੀਤੀ ਗਈ ਸੀ, ਜਿਸ ਦੀ ਹਾਲਤ ਕਾਫ਼ੀ ਜਰਜਰ ਹੋ ਰੱਖੀ ਹੈ।
ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਇਮਾਰਤ ਦੀ ਉਮਰ ਲਗਭਗ 140 ਸਾਲ ਹੈ, ਅੰਗਰੇਜ਼ਾਂ ਵੱਲੋਂ ਇਸ ਨੂੰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਸਾਰਿਆ ਗਿਆ ਸੀ। ਲੋਕਾਂ ਨੇ ਦੱਸਿਆ ਕਿ ਭਾਰਤ-ਪਾਕ ਸੀਮਾ ਦੇ ਨਾਲ ਇਸ ਖਾਲੜਾ ਰੈਸਟ ਹਾਊਸ ਦੀ ਲਾਹੌਰ ਤੋਂ ਦੂਰੀ ਮਹਿਜ਼ 17 ਕਿਲੋਮੀਟਰ ਹੈ। ਭਾਰਤ-ਪਾਕ ਸੀਮਾ ਤੋਂ ਮਹਿਜ਼ 2-3 ਕਿਲੋਮੀਟਰ 'ਤੇ ਬਣੇ ਇਸ ਰੈਸਟ ਹਾਊਸ ਵਿੱਚ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਦੇ ਅਫ਼ਸਰ ਆਪਣੀਆਂ ਪਤਨੀਆਂ ਅਤੇ ਪਰਿਵਾਰ ਸਮੇਤ ਠਹਿਰਦੇ ਸਨ ਅਤੇ ਨਾਲ ਹੀ ਕਈ ਵਿਦੇਸ਼ੀ ਮਹਿਮਾਨ ਵੀ ਠਹਿਰਦੇ ਰਹੇ ਹਨ।
ਦੇਸ਼ ਦੀ ਵੰਡ ਤੋਂ ਪਹਿਲਾ ਇਹ ਰੈਸਟ ਹਾਊਸ ਲਾਹੌਰ-ਮੋਗਾ-ਦਿੱਲੀ ਦੇ ਮੁੱਖ ਮਾਰਗ ਉੱਤੇ ਸਥਿਤ ਹੁੰਦਾ ਸੀ, ਜੋ ਕਿ ਕਰੀਬ 8 ਏਕੜ ਵਿੱਚ ਅੰਗਰੇਜ਼ੀ ਹਕੂਮਤ ਵੱਲੋਂ 1880 ਦੇ ਕਰੀਬ ਉਸਾਰਿਆ ਗਿਆ ਸੀ। ਵਾਸੀਆਂ ਮੁਤਾਬਕ ਇਥੇ ਅੱਜ ਵੀ ਪੁਰਾਤਨ ਦਰੱਖਤ ਮੌਜੂਦ ਹਨ।
ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਭਾਰਤ-ਪਾਕਿ ਜੰਗ ਮੌਕੇ ਭਾਰਤੀ ਫ਼ੌਜ ਵੱਲੋਂ ਬਰਕੀ ਪੋਸਟ ਤੱਕ ਕਬਜ਼ਾ ਕਰ ਲਿਆ ਸੀ ਤਾਂ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਫ਼ੌਜ ਦੀ ਹੌਂਸਲਾ-ਅਫ਼ਜਾਈ ਕਰਨ ਦੇ ਲਈ ਇਥੇ ਪੁੱਜੇ ਸਨ।
ਉਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰੀਬ 6 ਵਾਰ ਇੱਥੇ ਆਏ। ਬਾਦਲ ਦੀ ਪਹਿਲੀ ਫ਼ੇਰੀ ਇਥੇ 1978 ਵਿੱਚ ਹੋਈ ਸੀ। ਇਸ ਦੇ ਨਾਲ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਇਥੇ ਨਜ਼ਰਬੰਦ ਕੀਤਾ ਗਿਆ ਸੀ।
ਜਿਸ ਨੂੰ ਦੇਖਦੇ ਹੋਏ ਇਹ ਰੈਸਟ ਹਾਊਸ ਇਤਿਹਾਸਕ ਪੱਖੋਂ ਕਾਫ਼ੀ ਮਹੱਤਤਾ ਰੱਖਦਾ ਹੈ ਅਤੇ ਇਸ ਨਾਲ ਕਾਫ਼ੀ ਘਟਨਾਕ੍ਰਮ ਜੁੜੇ ਹੋਣ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਇਸ ਨੂੰ ਮੁੜ ਸੁਰਜੀਤ ਕਰਨ ਦੇ ਲਈ ਕੋਈ ਵੀ ਯਤਨ ਨਹੀਂ ਕੀਤੇ ਜਾ ਰਹੇ ਹਨ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਿਲਡਿੰਗ ਉਨ੍ਹਾਂ ਦੇ ਇਲਾਕੇ ਦੀ ਮਾਣਮੱਤੀ ਪਹਿਚਾਣ ਹੈ, ਇਸ ਲਈ ਇਸ ਨੂੰ ਬਚਾਉਣ ਦੇ ਲਈ ਸਰਕਾਰ ਵੱਲੋਂ ਯਤਨ ਕਰਨੇ ਚਾਹੀਦੇ ਹਨ।
ਵਿਭਾਗ ਦੇ ਜੇ.ਈ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਰੈਸਟ ਹਾਊਸ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ। ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਚੁੱਕੇ ਹਨ ਪਰ ਕੋਈ ਗ੍ਰਾਂਟ ਜਾਰੀ ਨਹੀਂ ਹੋਈ।