ਤਰਨਤਾਰਨ: ਇਸ ਪਰਿਵਾਰ ਕੋਲ ਅਜੇ ਤੱਕ ਟਰਾਈਸਾਇਕਲ ਤੱਕ ਵੀ ਨਹੀਂ ਜਿਸ ਕਰਕੇ ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਦੋ ਛੋਟੇ-ਛੋਟੇ ਬੱਚੇ ਹਨ। ਦੋਵੇਂ ਪਤੀ-ਪਤਨੀ ਬੱਚਿਆਂ ਦਾ ਢਿੱਡ ਭਰਨ ਦੇ ਲਈ ਗਲੀਆਂ ਵਿੱਚ ਰੇਂਗ ਕੇ ਜਾ ਕੇ ਮਾੜਾ ਮੋਟਾ ਕੰਮਕਾਰ ਕਰ ਕਰਦੇ ਹਨ।
ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦੇ ਹੋਏ ਅੰਗਹੀਣ ਸ਼ਖਸ ਮਨਪ੍ਰੀਤ ਸਿੰਘ ਅਤੇ ਉਸਦੀ ਅੰਗਹੀਣ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਟਰਾਈ ਸਾਇਕਲ ਨਾ ਹੋਣ ਕਰਕੇ ਉਹ ਹਰ ਰੋਜ਼ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਰੋਟੀ ਕਮਾਉਣ ਲਈ ਰੇਂਗ ਕੇ ਹੀ ਗਲੀਆਂ ਵਿਚ ਜਾ ਕੇ ਦਿਹਾੜੀ ਦੱਪਾ ਕਰਕੇ ਕੁਝ ਪੈਸੇ ਲੈ ਕੇ ਆਉਂਦੇ ਸਨ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਸਨ ਪਰ ਹੁਣ ਗਰਮੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਤੋਂ ਗਲੀਆਂ ਸੜਕਾਂ ਤੇ ਰੇਂਗ ਕੇ ਵੀ ਨਹੀਂ ਜਾ ਜਾਂਦਾ ਕਿਉਂਕਿ ਉਨ੍ਹਾਂ ਕੋਲ ਅਜੇ ਤੱਕ ਨਾ ਤਾਂ ਕੋਈ ਟਰਾਈਸਾਇਕਲ ਹੈ ਅਤੇ ਨਾ ਹੀ ਕਿਸੇ ਮੋਹਤਬਾਰ ਜਾਂ ਸਰਕਾਰ ਦੇ ਨੁਮਾਇੰਦੇ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ।
ਅੰਗਹੀਣ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਘਰ ਵਿਚ ਹੀ ਕੱਪੜੇ ਦਾ ਮਾੜਾ ਮੋਟਾ ਕੰਮ ਕਰਕੇ ਜੋ ਵੀਹ-ਪੰਜਾਹ ਰੁਪਏ ਆਉਂਦੇ ਹਨ ਉਸ ਨਾਲ ਉਹ ਆਪਣੇ ਘਰ ਦਾ ਮਾੜਾ ਮੋਟਾ ਖਾਣ ਨੂੰ ਰਾਸ਼ਨ ਲਿਆ ਕੇ ਗੁਜ਼ਾਰਾ ਕਰਦੇ ਹਨ। ਉਸ ਨੇ ਦੱਸਿਆ ਕਿ ਉਹ ਇਸੇ ਤਰ੍ਹਾਂ ਹੀ ਰੇਂਗ ਕੇ ਆਪਣਾ ਮਿਹਨਤ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਘਰ ਦੀ ਜੇ ਗੱਲ ਕੀਤੀ ਜਾਵੇ ਤਾਂ ਘਰ ਵਿੱਚ ਛੱਤ ਜ਼ਰੂਰ ਹੈ ਪਰ ਘਰ ਵਿੱਚ ਪਏ ਰਸੋਈ ਦੇ ਭਾਂਡਿਆਂ ਵਿੱਚ ਖਾਣ ਨੂੰ ਇੱਕ ਦਾਣਾ ਵੀ ਨਹੀਂ ਹੈ।
ਮਨਪ੍ਰੀਤ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਇੱਕ ਵਾਰ ਪਿੰਡ ਦੇ ਸਰਪੰਚ ਨੇ ਤਰਸ ਖਾ ਕੇ ਉਨ੍ਹਾਂ ਦੇ ਘਰ ਲੈਟਰੀਨ ਬਾਥਰੂਮ ਸਰਕਾਰ ਦੇ ਅਦਾਰੇ ਜ਼ਰੀਏ ਕੁਝ ਪੈਸੇ ਉਨ੍ਹਾਂ ਨੂੰ ਦਬਾਏ ਸਨ ਪਰ ਨਾ ਤਾਂ ਅਜੇ ਤੱਕ ਉਸ ਉੱਪਰ ਛੱਤ ਪਈ ਹੈ ਅਤੇ ਨਾ ਹੀ ਕੋਈ ਦਰਵਾਜ਼ਾ ਲੱਗਾ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਮੌਕੇ ਪਰਿਵਾਰ ਵੱਲੋਂ ਸਰਕਾਰ ਤੇ ਸਮਾਜ ਸੇਵੀਆਂ ਤੋਂ ਉਨ੍ਹਾਂ ਦੀ ਮੱਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:ਨੈਸ਼ਨਲ ਐਵਾਰਡੀ ਖਿਡਾਰੀਆਂ ਨੇ ਹੱਥਾਂ 'ਚ ਮੈਡਲ ਲੈ ਸਰਕਾਰ ਤੋਂ ਨੌਕਰੀ ਦੀ ਕੀਤੀ ਮੰਗ