ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਬੀਤੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਨੌਜਵਾਨ ਅਕਾਸ਼ਦੀਪ ਸਿੰਘ ਜੋ ਕਿ ਸਿਰ ਦੇ ਵਿਚ ਸੱਟ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੈ। ਜ਼ਖ਼ਮੀ ਨੌਜਵਾਨ ਦਾ ਇਲਾਜ ਕਰਵਾਉਣ ਲਈ ਉਸਦੇ ਮਾਤਾ ਪਿਤਾ ਨੇ ਉਸ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਹਸਪਤਾਲ ਵਾਲਿਆਂ ਨੇ ਇਕ ਹੀ ਰਾਤ ਵਿਚ ਉਨ੍ਹਾਂ ਦਾ ਘਰ ਬੂਹਾ ਵਿਕਾ ਕੇ ਰੱਖ ਦਿੱਤਾ ਪਰ ਉਸ ਨੌਜਵਾਨ ਦਾ ਇਲਾਜ ਨਹੀਂ ਹੋਇਆ।
ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ ਨੌਜਵਾਨ
ਪੈਸਿਆਂ ਦੁੱਖੋਂ ਉਹ ਆਪਣੇ ਨੌਜਵਾਨ ਪੁੱਤਰ ਨੂੰ ਘਰ ਵਿੱਚ ਲੈ ਆਏ ਘਰ ਦੀ ਹਾਲਤ ਵੇਖ ਕੇ ਕਿਸੇ ਦੇ ਵੀ ਅੱਖਾਂ ਵਿੱਚ ਪਾਣੀ ਆ ਜਾਵੇਗਾ ਕਿਉਂਕਿ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਉੱਤੋਂ ਨੌਜਵਾਨ ਗੰਭੀਰ ਜ਼ਖਮੀ ਉੱਤੋਂ ਕਾਨਿਆਂ ਦੀ ਪਈ ਛੱਤ ਜਿਸ ਵਿਚੋਂ ਬਾਰਿਸ਼ ਦਾ ਟਿਪ ਟਿਪ ਪਾਣੀ ਡਿੱਗ ਰਿਹਾ ਸੀ ਅਤੇ ਥੱਲੇ ਚਿੱਕੜ ਬਣਿਆ ਹੋਇਆ ਸੀ।
ਘਰ ਦੇ ਹਾਲਾਤ ਤਰਸਯੋਗ
ਉਸ ਵਿੱਚ ਮੰਜਾ ਡਾਹ ਕੇ ਆਪਣੇ ਨੌਜਵਾਨ ਪੁੱਤਰ ਨੂੰ ਪੱਖੀ ਦੀ ਥਾਂ ਚੁੰਨੀ ਦੀ ਝੱਲ ਮਾਰਦੀ ਮਾਂ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਨੌਜਵਾਨ ਲੜਕਾ ਅਕਾਸ਼ਦੀਪ ਸਿੰਘ ਜੋ ਕਿ ਦਿਹਾੜੀ ਦੱਪਾ ਕਰਨ ਲਈ ਪਿੰਡ ਜੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਉਸ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਕਿ ਇੱਕੋ ਰਾਤ ਵਿੱਚ ਹੀ ਹਸਪਤਾਲ ਨੇ ਉਨ੍ਹਾਂ ਦੇ ਬੱਚੇ ਦਾ ਇਲਾਜ ਕਰਵਾਉਣ ਲਈ ਤਿੰਨ ਲੱਖ ਰੁਪਿਆ ਲਵਾ ਦਿੱਤਾ।
ਇਲਾਜ ਲਈ ਘਰ ਦਾ ਸਾਰਾ ਕੁਝ ਵੇਚਿਆ
ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਏਨੇ ਜ਼ਿਆਦਾ ਮਾੜੇ ਹਨ ਕਿ ਇਕ ਰਾਤ ਵਿਚ ਏਨਾ ਪੈਸਾ ਇਕੱਠਾ ਕਰਨਾ ਉਨ੍ਹਾਂ ਦੇ ਵੱਸ ਦਾ ਰੋਗ ਨਹੀਂ ਸੀ ਜਿਨ੍ਹਾਂ ਨੇ ਤੁਰੰਤ ਆਪਣਾ ਘਰ ਬੂਹਾ ਗਹਿਣੇ ਪਾ ਦਿੱਤਾ ਪਰ ਤਿੰਨ ਲੱਖ ਰੁਪਏ ਇਕੱਠੇ ਨਹੀਂ ਹੋਏ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਫੜ ਕੇ ਉਨ੍ਹਾਂ ਵੱਲੋਂ ਹਸਪਤਾਲ ਵਿਚ ਪੈਸੇ ਜਮ੍ਹਾ ਕਰਵਾਏ ਗਏ ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦੇ ਇਲਾਜ ਲਈ ਹੋਰ ਪੈਸਿਆਂ ਦੀ ਮੰਗ ਕੀਤੀ ਅਤੇ ਪੈਸੇ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਆਪਣੇ ਨੌਜਵਾਨ ਪੁੱਤਰ ਨੂੰ ਘਰ ਲੈ ਲਿਆਂਦਾ।
ਪੀੜਤ ਮਾਂ ਦੀ ਸਰਕਾਰ ਤੇ ਸਮਾਜ ਸੇਵੀਆਂ ਨੂੰ ਗੁਹਾਰ
ਪੀੜਤ ਔਰਤ ਨੇ ਰੋਂਦੀ ਹੋਈ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਉਸ ਤੋਂ ਆਪਣੇ ਨੌਜਵਾਨ ਪੁੱਤਰ ਦੀ ਐਸੀ ਹਾਲਾਤ ਵੇਖੇ ਨਹੀਂ ਜਾਂਦੀ ਕਿਰਪਾ ਕਰਕੇ ਉਸਦੇ ਨੌਜਵਾਨ ਪੁੱਤ ਦਾ ਇਲਾਜ ਕਰਵਾ ਦਿਓ। ਪੀੜਤ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ ।
ਪਿੰਡ ਵਾਸੀਆਂ ਵੱਲੋਂ ਸਮਾਜ ਸੇਵੀਆਂ ਤੇ ਸਰਕਾਰ ਤੋਂ ਮਦਦ ਦੀ ਮੰਗ
ਉੱਥੇ ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਇਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਦੋ ਵਕਤ ਦੀ ਰੋਟੀ ਤੋਂ ਵੀ ਇਹ ਪਰਿਵਾਰ ਆਤਰ ਬੈਠਾ ਹੈ ਅਤੇ ਉੱਤੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਨੂੰ ਗੰਭੀਰ ਸੱਟ ਲੱਗ ਗਈ ਜਿਸ ਕਾਰਨ ਉਹ ਉਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ। ਪਿੰਡ ਵਾਸੀਆ ਨੇ ਵੀ ਸਮਾਜ ਸੇਵੀ ਜਾਂ ਪੰਜਾਬ ਸਰਕਾਰ ਇਨ੍ਹਾਂ ਦੇ ਪੁੱਤ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਪਰਿਵਾਰ ਦੀ ਮਦਦ ਹੋ ਸਕੇ।
ਇਹ ਵੀ ਪੜ੍ਹੋ: ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਤੇ ਰੋਡਵੇਜ ਬੱਸ ਦੀ ਭਿਆਨਕ ਟੱਕਰ, 5 ਮੌਤਾਂ