ਤਰਨਤਾਰਨ: ਬੀਤੇ ਦਿਨੀ ਮੁੰਬਈ ਬੰਦਰਗਾਹ ਤੋਂ ਤਿੰਨ ਸੋ ਕਿਲੋ ਹੈਰੋਇਨ ਦੇ ਮਾਮਲੇ ਵਿਚ ਕਾਬੂ ਕੀਤੇ ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਸਾਹਿਬ ਦੇ ਵਸਨੀਕ ਪ੍ਰਭਜੀਤ ਸਿੰਘ ਦੀ ਪਹਿਲਾਂ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੁਣ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਾਲ ਨੇੜਤਾ ਇਹ ਸਾਬਤ ਕਰਦੀ ਹੈ ਕਿ ਉਕਤ ਸਿਆਸੀ ਆਗੂਆਂ ਦਾ ਪ੍ਰਭਜੀਤ ਸਿੰਘ ਦੇ ਸਿਰ ਤੇ ਹੱਥ ਹੋਣ ਕਰਕੇ ਥੋੜੇ ਸਮੇਂ ਵਿਚ ਹੀ ਪ੍ਰਭਜੀਤ ਸਿੰਘ 4 ਏਕੜ ਜਮੀਨ ਤੋਂ 32 ਏਕੜ ਜ਼ਮੀਨ ਦਾ ਮਾਲਕ ਅਤੇ ਤਿੰਨ ਮੰਜਲੀ ਆਲੀਸ਼ਾਨ ਕੋਠੀ ਦਾ ਮਾਲਕ ਬਣ ਗਿਆ।
ਅੱਜ ਖਡੂਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦੇ ਹੋਏ ਕਿਹਾ ਕਿ ਪ੍ਰਭਜੀਤ ਸਿੰਘ ਤਾਂ ਇੱਕ ਸਿਰਫ ਪਾਂਡੀ ਹੈ।ਇਸ ਦੇ ਪਿੱਛੇ ਪਹਿਲਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੁਣ ਰਮਨਜੀਤ ਸਿੰਘ ਸਿੱਕੀ ਦਾ ਕਾਰੋਬਾਰ ਹੈ।ਜਿਸ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੀ.ਬੀ.ਆਈ ਕੋਲੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੁਣ ਰਮਨਜੀਤ ਸਿੰਘ ਸਿੱਕੀ ਨੂੰ ਲਿਆ ਨਿਸ਼ਾਨੇ ਉਤੇ
ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਪਿਛਲੇ ਸਾਲ ਜ਼ਹਿਰੀਲੀ ਸ਼ਰਾਬ ਨਾਲ ਦਰਜਨਾਂ ਵਿਅਕਤੀ ਹਲਕਾ ਖਡੂਰ ਸਾਹਿਬ ਵਿਚ ਮਾਰੇ ਜਾ ਚੁਕੇ ਹਨ ਅਤੇ ਹੁਣ ਤਿੰਨ ਸੌ ਕਿਲੋ ਹੈਰੋਇਨ ਦੇ ਮਾਮਲੇ ਵਿਚ ਕਾਬੂ ਕੀਤੇ ਹਲਕਾ ਖਡੂਰ ਸਾਹਿਬ ਦਾ ਵਿਅਕਤੀ ਇਹ ਸਾਬਤ ਕਰਦਾ ਹੈ ਕਿ ਹਲਕਾ ਵਿਧਾਇਕ ਦੀ ਇਸ ਵਿਚ ਕਿਤੇ ਨਾ ਕਿਤੇ ਸ਼ਮੂਲੀਅਤ ਜ਼ਰੂਰ ਹੈ। ਉਨਾਂ ਕਿਹਾ ਕੈਪਟਨ ਵਲੋਂ ਹੱਥ ਵਿੱਚ ਗੁਟਕਾ ਸਾਹਿਬ ਫੜਕੇ ਨਸ਼ਿਆਂ ਨੂੰ ਖਤਮ ਕਰਨ ਦੀ ਖਾਧੀ ਸੰਹੁ ਝੂਠੀ ਸਾਬਤ ਹੋ ਰਹੀ ਹੈ।
ਮਾਮਲੇ 'ਚ ਕਾਬੂ ਕੀਤੇ ਮੁਲਜ਼ਮ ਪ੍ਰਭਜੀਤ ਨੂੰ ਸਿਆਸੀ ਪੁਸਤਪਨਾਹੀ
ਲਾਲਪੁਰਾ ਨੇ ਕਿਹਾ ਕਿ ਕੈਪਟਨ ਘਰ-ਘਰ ਰੁਜਗਾਰ ਤਾਂ ਦੇਣ ਵਿਚ ਤਾਂ ਸਫ਼ਲ ਨਹੀ ਹੋਏ ਪਰ ਘਰ-ਘਰ ਨਸ਼ਾ ਜ਼ਰੂਰ ਪਹੁੰਚਾ ਦੇਣਗੇ। ਉਨਾਂ ਕਿਹਾ ਕਿ ਜੇਕਰ ਉਕਤ ਮਾਮਲੇ ਦੀ ਜਾਂਚ ਕੈਪਟਨ ਵਲੋਂ ਸੀ.ਬੀਆਈ ਕੋਲੋਂ ਨਾ ਕਰਵਾਈ ਗਈ ਤਾਂ ਆਪ ਦੀ ਸਰਕਾਰ ਬਣਨ ਤੇ ਜ਼ਰੂਰ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ 17 ਕਿਲੋ ਹੈਰੋਇਨ ਸਮੇਤ 4 ਅਫ਼ਗਾਨੀ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ