ਤਰਨਤਾਰਨ: ਕਿਸਾਨ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਦਿੱਲੀ ਸੰਘਰਸ਼ ਲਈ ਹੋਇਆ ਵੱਡਾ ਜਥਾ ਕਿਸਾਨ ਆਗੂ ਸੋਹਨ ਸਿੰਘ ਸਭਰਾ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਦੇ ਰੂਪ ’ਚ ਰਵਾਨਾ ਹੋਇਆ। ਕਿਸਾਨ ਆਗੂ ਸੋਹਨ ਸਿੰਘ ਸਭਰਾ ਨੇ ਦੱਸਿਆ ਕਿ ਕਿਸਾਨਾਂ ਵਲੋਂ ਦਿੱਲੀ ਜਾਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡਾ ਵਿਸ਼ਾਲ ਰੋਸ ਮਾਰਚ ਪਿੰਡ ਸਭਰਾ ਦੇ ਬੱਸ ਸਟੈਂਡ ਤੋਂ ਦਿੱਲੀ ਜਾਣ ਲਈ ਰਵਾਨਾ ਹੋਇਆ ਹੈ।
ਉੱਥੇ ਹੀ ਟਰੈਕਟਰ ਟਰਾਲੀਆਂ ’ਚ ਸਵਾਰ ਕਿਸਾਨਾਂ ਨੇ ਦੱਸਿਆ ਕਿ ਜਿੰਨੀ ਦੇਰ ਕੇਂਦਰ ਦੀ ਸਰਕਾਰ ਪਾਸ ਕੀਤਾ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ।
ਦਿੱਲੀ ਲਈ ਰਵਾਨਾ ਹੋ ਰਹੇ ਕਿਸਾਨਾਂ ਨੇ ਕਿਹਾ ਜੇਕਰ ਉਹ ਸਾਨੂੰ ਦਿੱਲੀ ’ਚ ਦਾਖ਼ਲ ਨਹੀਂ ਹੋਣ ਦੇਣਗੇ ਤਾਂ ਅਸੀਂ ਵੀ ਉਨ੍ਹਾਂ ਨੂੰ ਦਿੱਲੀ ਤੋਂ ਬਾਹਰ ਨਹੀਂ ਨਿਕਲਣ ਦੇਵਾਂਗੇ। ਉਨ੍ਹਾਂ ਕਿਹਾ ਦਿੱਲੀ ’ਚ ਧਰਨਾ ਲਾਉਣ ਦੀ ਕਿਸਾਨਾਂ ਦੀ ਪੂਰੀ ਤਿਆਰੀ ਕੀਤੀ ਹੋਈ ਹੈ, ਕਿਸਾਨ ਆਪਣੇ ਨਾਲ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਚੱਲੇ ਹਨ ਤੇ ਕੇਂਦਰ ਦੇ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਕਰਵਾਉਣ ਤੇ ਹੀ ਪੰਜਾਬ ਪਰਤਾਂਗੇ।
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਪ੍ਰਧਾਨ ਸੁਖਵੰਤ ਸਿੰਘ ਦੁੱਬਲੀ ਨੇ ਕਿਹਾ ਕਿ ਮੋਦੀ ਨੇ ਜੋ ਕਾਲੇ ਕਾਨੂੰਨ ਕਿਸਾਨਾਂ ’ਤੇ ਥੋਪੇ ਹਨ ਉਨ੍ਹਾਂ ਨੂੰ ਵਾਪਸ ਕਰਵਾਉਣ ਵਾਸਤੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦਿੱਲੀ ਨੂੰ ਰਵਾਨਾ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਕਹਿਣ ’ਤੇ ਹਰਿਆਣਾ ’ਚ ਦਿੱਲੀ ਨੂੰ ਜਾਣ ਦੇ ਰਸਤੇ ਰੋਕੇ ਹੋਏ ਹਨ, ਪਰ ਇਸ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਦਿੱਲੀ ਸਾਡੀ ਆ ਅਸੀਂ ਕਈ ਵਾਰ ਦਿੱਲੀ ਜਿੱਤੀ ਹੋਈ ਹੈ।