ਲੁਧਿਆਣਾ: ਪੰਜਾਬ ਦੇ ਹੁਣ ਕਈ ਵੱਡੇ ਸ਼ਹਿਰਾਂ ਦੇ ਅੰਦਰ ਆਨਲਾਈਨ ਚਲਾਨ ਸ਼ੁਰੂ ਹੋਣ ਜਾ ਰਹੇ ਹਨ। ਜਿਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਹਿਲੇ ਪੜਾਅ ਦੇ ਤਹਿਤ ਪੰਜਾਬ ਦੇ ਮੁੱਖ ਸ਼ਹਿਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੁਹਾਲੀ ਦੇ ਵਿੱਚ ਆਨਲਾਈਨ ਚਲਾਨ ਕੱਟੇ ਜਾਣਗੇ। ਜਿਸ ਤੋਂ ਬਾਅਦ ਹੋਰਨਾਂ ਸ਼ਹਿਰਾਂ ਦੇ ਵਿੱਚ ਵੀ ਇਸ ਦੀ ਸ਼ਰੂਆਤ ਹੋਵੇਗੀ। ਇਸ ਸਬੰਧੀ ਟ੍ਰੈਫਿਕ ਪੁਲਿਸ ਨੇ ਟਰੈਲ ਵੀ ਸ਼ੁਰੂ ਕੀਤੇ ਹਨ।
26 ਜਨਵਰੀ ਨੂੰ ਰਸਮੀ ਸ਼ੁਰੂਆਤ
ਇਸ ਤੋਂ ਪਹਿਲਾਂ ਪੰਜਾਬ ਦੇ ਇਨ੍ਹਾਂ ਮੁੱਖ ਸ਼ਹਿਰਾਂ ਦੇ ਵਿੱਚ ਕੈਮਰੇ ਆਦਿ ਵੀ ਲਗਾਏ ਗਏ ਸਨ ਤਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ। ਕੁਝ ਸ਼ਹਿਰਾਂ ਦੇ ਵਿੱਚ ਦਸੰਬਰ ਅਤੇ ਜਨਵਰੀ ਮਹੀਨੇ ਦੇ ਵਿੱਚ ਚਲਾਨ ਵੀ ਕੱਟੇ ਗਏ ਹਨ। 26 ਜਨਵਰੀ ਨੂੰ ਰਸਮੀ ਤੌਰ ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਚਲਾਨ ਕੱਟਣ ਤੋਂ ਬਾਅਦ ਸਬੰਧਿਤ ਵਾਹਨ ਦੇ ਮਾਲਿਕ ਦੇ ਘਰ ਪਹੁੰਚਾ ਦਿੱਤਾ ਜਾਵੇਗਾ, ਜਿਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕੇਗਾ। ਪਹਿਲੇ ਪੜਾਅ ਦੇ ਤਹਿਤ ਖਾਸ ਕਰਕੇ ਰੈਡ ਲਾਈਟ ਜੰਪ ਕਰਨ ਵਾਲਿਆਂ ਉੱਤੇ ਨਜ਼ਰ ਰੱਖੀ ਜਾਵੇਗੀ ਉਸ ਤੋਂ ਬਾਅਦ ਬਾਕੀ ਦੇ ਚਲਾਨ ਵੀ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ।
ਆਰਸੀ ਹੋ ਜਾਵੇਗੀ ਲਾਕ
ਭੁਗਤਾਨਾ ਕਰਨ ਅਤੇ ਸੰਬੰਧਿਤ ਵਾਹਨ ਦੀ ਆਰਸੀ ਆਨਲਾਈਨ ਪੋਰਟਲ ਉੱਤੇ ਲਾਕ ਕਰ ਦਿੱਤੀ ਜਾਵੇਗੀ। ਜਿਸ ਦੇ ਕਾਰਨ ਆਰਟੀਓ ਆਫਿਸ ਦੇ ਵਿੱਚ ਆਰਸੀ ਟ੍ਰਾਂਸਫਰ ਰਿਨਿਊ ਆਦੀ ਦਾ ਕੰਮ ਨਹੀਂ ਹੋ ਸਕੇਗਾ। ਇਨ੍ਹਾਂ ਸ਼ਹਿਰਾਂ ਦੇ ਵਿੱਚ ਮੇਨ ਚੌਂਕ ਉੱਤੇ ਪੀਟੀਜੈਡ ਕੈਮਰੇ ਐੱਨਐੱਨਪੀਆਰ ਕੈਮਰੇ ਅਤੇ ਬੁਲਟ ਕੈਮਰੇ ਲਗਾਏ ਗਏ ਹਨ। ਹਾਲਾਂਕਿ ਹਰ ਚੌਕ ਉੱਤੇ ਇਹ ਸੁਵਿਧਾ ਹਾਲੇ ਨਹੀਂ ਹੋਵੇਗੀ। ਸ਼ਹਿਰ ਦੇ ਮੁੱਖ ਚੌਂਕਾਂ ਉੱਤੇ ਇਹਨਾਂ ਨੂੰ ਲਗਾਇਆ ਗਿਆ ਹੈ।
ਪੁਲਿਸ ਨੇ ਬਣਾਏ ਕੰਟਰੋਲ ਰੂਮ
ਇਸ ਸਬੰਧੀ ਲੁਧਿਆਣਾ ਟ੍ਰੈਫਿਕ ਦੇ ਇੰਚਾਰਜ ਏਸੀਪੀ ਜਤਿਨ ਬਾਂਸਲ ਨੇ ਕਿਹਾ ਕਿ "ਇਸ ਦੇ ਸ਼ੁਰੂਆਤ ਅਸੀਂ ਕਰ ਦਿੱਤੀ ਹੈ। ਬਕਾਇਦਾ ਕੰਟਰੋਲ ਰੂਮ ਬਣਾਏ ਗਏ ਹਨ ਹਾਲਾਂਕਿ ਇਹ ਚਲਾਨ ਲੁਧਿਆਣਾ ਦੇ ਕਿਹੜੇ-ਕਿਹੜੇ ਚੌਂਕ ਦੇ ਵਿੱਚ ਹੋਣਗੇ ਇਸ ਸਬੰਧੀ ਅਸੀਂ ਖੁਲਾਸਾ ਨਹੀਂ ਕਰ ਸਕਦੇ ਹਾਂ ਕਿਉਂਕਿ ਇਸ ਦੇ ਨਾਲ ਲੋਕ ਸਤਰਕ ਹੋ ਜਾਣਗੇ ਅਤੇ ਉਹਨਾਂ ਚੌਂਕਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ, ਪਰ ਅਸੀਂ ਚਾਹੁੰਦੇ ਹਨ ਕਿ ਬਿਨ੍ਹਾਂ ਦੱਸੇ ਇਹ ਚਲਾਨ ਹੋਣ ਤਾਂ ਜੋ ਲੋਕ ਪੂਰੇ ਸ਼ਹਿਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਕਣ।"
‘ਅਸੀਂ ਵਿਦਿਆਰਥੀਆਂ ਨੂੰ ਵੀ ਕੀਤਾ ਜਾਗਰੂਕ’
ਜਤਿਨ ਬਾਂਸਲ ਨੇ ਕਿਹਾ ਕਿ ਜਿਹੜੇ ਲੋਕ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਉੱਤੇ ਸਖ਼ਤੀ ਹੋਵੇਗੀ। ਬਿਨ੍ਹਾਂ ਸੀਟ ਬੈਲਟ ਵਾਲੇ ਬਿਨ੍ਹਾਂ ਹੈਲਮਟ ਵਾਲਿਆਂ ਉੱਤੇ ਨਜ਼ਰ ਰੱਖੀ ਜਾਵੇਗੀ। ਸ਼ਹਿਰ ਦੇ ਮੁੱਖ ਚੌਂਕਾਂ ਦੇ ਜਿਹੜੇ ਕੈਮਰੇ ਹਨ, ਉਹਨਾਂ ਨੂੰ ਕੰਟਰੋਲ ਰੂਮ ਦੇ ਨਾਲ ਜੋੜਿਆ ਗਿਆ ਹੈ ਜਿੱਥੇ ਇੱਕ ਹਾਈਟੈਕ ਟੀਮ ਦੀ ਡਿਊਟੀ ਹੋਵੇਗੀ। ਇਹ ਸਾਰੀ ਫੁਟੇਜ ਉਨ੍ਹਾਂ ਤੱਕ ਪਹੁੰਚੇਗੀ, ਜਿਸ ਤੋਂ ਬਾਅਦ ਜਿਸ ਕਿਸੇ ਨੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਉਸ ਦੀ ਨੰਬਰ ਪਲੇਟ ਟਰੈਕ ਕਰਕੇ ਉਸ ਦੇ ਘਰ ਚਲਾਨ ਭੇਜਿਆ ਜਾਵੇਗਾ। "ਅਸੀਂ ਪਿਛਲੇ 2 ਮਹੀਨਿਆਂ ਤੋਂ ਇਸ ਦੇ ਟਰਾਇਲ ਕਰ ਰਹੇ ਹਨ। ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ। ਆਉਂਦੇ ਦਿਨਾਂ ਦੇ ਵਿੱਚ ਚੌਂਕ ਹੋਰ ਵਧਾਏ ਜਾ ਸਕਦੇ ਹਨ, ਜਿਨ੍ਹਾਂ ਉੱਤੇ ਇਹ ਚਲਾਨ ਹੋਣਗੇ।" ਸਕੂਲਾਂ ਨੂੰ ਲੈ ਕੇ ਜਤਿਨ ਬਾਂਸਲ ਨੇ ਕਿਹਾ ਕਿ ਜੋ ਅੰਡਰ ਏਜ ਬੱਚੇ ਡਰਾਈਵਿੰਗ ਕਰਦੇ ਹਨ ਉਹਨਾਂ ਨੂੰ ਲੈ ਕੇ ਵੀ ਅਸੀਂ ਜਾਗਰੂਕ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਜਾਗਰੂਕਤਾ ਮੁਹਿਮ ਸ਼ੁਰੂ ਕੀਤੀ ਸੀ ਅਤੇ ਅਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਈ ਰਿਕਸ਼ਿਆਂ ਲਈ ਵੀ ਨਿਯਮ
ਲੁਧਿਆਣਾ ਸ਼ਹਿਰ ਵਿੱਚ ਘੁੰਮ ਰਹੇ ਬੈਟਰੀ ਵਾਲੇ ਰਿਕਸ਼ੇ ਨੂੰ ਲੈ ਕੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਜਤਿਨ ਬਾਂਸਲ ਨੇ ਕਿਹਾ ਕਿ ਇਨ੍ਹਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। "ਬੀਤੇ ਦਿਨ ਹੀ ਅਸੀਂ ਇਹ ਫੈਸਲਾ ਲਿਆ ਹੈ ਕਿ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਦੇ ਵਿੱਚ ਸ਼ਨੀਵਾਰ ਐਤਵਾਰ ਇਨ੍ਹਾਂ ਈ ਰਿਕਸ਼ਿਆਂ ਉੱਤੇ ਪਾਬੰਦੀ ਹੋਵੇਗੀ। ਉਹਨਾਂ ਕਿਹਾ ਕਿ ਇਹ ਲੋਕਾਂ ਦਾ ਰੁਜ਼ਗਾਰ ਦਾ ਸਾਧਨ ਹੈ, ਅਸੀਂ ਕਿਸੇ ਦੇ ਰੁਜ਼ਗਾਰ ਨੂੰ ਵੀ ਖਰਾਬ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਟ੍ਰੈਫਿਕ ਸਮੱਸਿਆ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਉਸ ਦਾ ਹੱਲ ਕਰਨਾ ਜਰੂਰੀ ਹੈ। ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਸੀ ਕਿ 2 ਦਿਨ ਈ ਰਿਕਸ਼ਿਆਂ ਨੂੰ ਬੰਦ ਰੱਖਿਆ ਜਾਵੇਗਾ।" ਇਸ ਤੋਂ ਇਲਾਵਾ ਉਨ੍ਹਾਂ ਹੈਵੀ ਵਾਹਨ ਦੇ ਲਈ ਵੀ ਕਿਹਾ ਕਿ ਨੋ ਐਂਟਰੀ ਦੇ ਨਿਯਮ ਹਨ ਜਿਨ੍ਹਾਂ ਦੀ ਇਨ ਬਿੰਨ ਪਾਲਨਾ ਕਰਵਾਈ ਜਾ ਰਹੀ।