ਤਰਨਤਾਰਨ: ਪੰਜਾਬ 'ਚ ਆਏ ਦਿਨ ਹੀ ਧੋਖਾਧੜੀ ਕਰਨ ਦੇ ਅਨੇਕਾਂ ਹੀ ਮਾਮਲੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣੇ ਰਹਿੰਦੇ ਹਨ ਅਜਿਹਾ ਹੀ ਇਕ ਹੋਰ ਮਾਮਲਾ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਸਿੱਧਵਾਂ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਸ਼ਟਰਿੰਗ ਸਟੋਰ ਤੋਂ ਇਕ ਵਿਅਕਤੀ ਵੱਲੋਂ 215 ਲੋਹੇ ਦੀਆਂ ਪਲੇਟਾਂ ਅਤੇ 35 ਲੋਹੇ ਦੇ ਗਾਡਰ ਕਿਰਾਏ ਤੇ ਲੈ ਕੇ ਧੋਖੇ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ 'ਤੇ ਖਾਲੜਾ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਬਲਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦਿਲਬਾਗ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਸਿੱਧਵਾਂ ਨੇ ਦੱਸਿਆ ਕਿ ਉਹ ਖਾਲੜਾ ਦੇ ਨਜ਼ਦੀਕ ਸ਼ਟਰਿੰਗ ਦੀ ਦੁਕਾਨ ਕਰਦਾ ਹੈ।
ਉਸ ਦੀ ਦੁਕਾਨ ਤੋਂ ਮਿਤੀ 3 ਦਸੰਬਰ 2021 ਨੂੰ ਜੋਗਾ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਡੱਲ ਆਇਆ ਅਤੇ ਆਪਣਾ ਆਧਾਰ ਕਾਰਡ ਦਿਖਾ ਕੇ ਕਿਹਾ ਕਿ ਉਸਦੇ ਮਕਾਨ ਲੈਂਟਰ ਪੈਣਾ ਹੈ ਜਿਸ ਲਈ ਉਸ ਸ਼ਟਰਿੰਗ ਦਾ ਸਾਮਾਨ ਚਾਹੀਦਾ ਹੈ। ਉਕਤ ਵਿਅਕਤੀ 'ਤੇ ਯਕੀਨ ਕਰ ਦਿਲਬਾਗ ਸਿੰਘ ਨੇ 215 ਲੋਹੇ ਦੀਆਂ ਪਲੇਟਾਂ ਅਤੇ 35 ਲੋਹੇ ਦੇ ਗਾਡਰ ਜੋਗਾ ਸਿੰਘ ਨੂੰ ਦੇ ਦਿੱਤੇ।
ਪ੍ਰੰਤੂ ਬੀਤੇ ਤਿੰਨ ਮਹੀਨਿਆਂ ਤੋਂ ਜੋਗਾ ਸਿੰਘ ਪਾਸੋਂ ਕਿਰਾਏ ਤੇ ਖੜ੍ਹੇ ਸ਼ਟਰਿੰਗ ਦੇ ਸਾਮਾਨ ਨੂੰ ਜਦ ਦਿਲਬਾਗ ਸਿੰਘ ਨੇ ਵਾਪਿਸ ਮੰਗਿਆ ਤਾਂ ਨਾ ਤਾਂ ਉਕਤ ਦੋਸ਼ੀ ਨੇ ਸ਼ਟਰਿੰਗ ਦਾ ਸਾਮਾਨ ਵਾਪਸ ਕੀਤਾ ਅਤੇ ਨਾ ਹੀ ਉਸ ਦਾ ਕੋਈ ਕਿਰਾਇਆ ਵਾਪਸ ਕੀਤਾ।
ਜਦ ਇਸ ਪੂਰੇ ਮਾਮਲੇ ਸਬੰਧੀ ਪੀੜਤ ਦਿਲਬਾਗ ਸਿੰਘ ਪੁੱਤਰ ਪੂਰਨ ਸਿੰਘ ਨੇ ਥਾਣਾ ਖਾਲੜਾ ਵਿਖੇ ਦਰਖਾਸਤ ਦਰਜ ਕਰਵਾਈ ਤਾਂ ਪੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਜੋਗਾ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਡੱਲ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਪਾਸੋਂ ਉਕਤ ਕਿਰਾਏ ਤੇ ਲਿਆਂਦਾ ਸ਼ਟਰਿੰਗ ਦੇ ਸਾਮਾਨ ਵਿੱਚੋਂ 203 ਲੋਹੇ ਦੀਆਂ ਪਲੇਟਾਂ ਬਰਾਮਦ ਕੀਤੀਆਂ ਗਈਆਂ । ਜਦ ਕਿ 12 ਲੋਹੇ ਦੀਆਂ ਪਲੇਟਾਂ ਅਤੇ 35 ਲੋਹੇ ਦੇ ਗਾਰਡਰ ਬਰਾਮਦ ਕਰਨੇ ਬਾਕੀ ਹਨ ਜਿਨ੍ਹਾਂ ਨੂੰ ਜਲਦ ਹੀ ਬਰਾਮਦ ਕਰ ਲਿਆ ਜਾਵੇਗਾ ।
ਐਸਐਚਓ ਕਾਹਲੋਂ ਨੇ ਦੱਸਿਆ ਕਿ ਜੋਗਾ ਸਿੰਘ ਪਾਸੋਂ ਕੀਤੀ ਪੁੱਛਗਿੱਛ ਦੌਰਾਨ ਉਸਦੇ ਨਾਲ ਦੋ ਹੋਰ ਵਿਅਕਤੀ ਸ਼ਾਮਿਲ ਸਨ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਦੋਸ਼ੀਆਂ ਦੀ ਪਛਾਣ ਕੇਵਲ ਸਿੰਘ ਪੁੱਤਰ ਸੂਰਤਾ ਸਿੰਘ ਅਤੇ ਪਰਗਟ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਡੱਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਤਿੰਨਾਂ ਦੋਸ਼ੀਆਂ ਖ਼ਿਲਾਫ ਧਾਰਾ 406,120 ਬੀ ਐਕਟ ਤਹਿਤ ਮੁਕੱਦਮਾ ਦਰਜ ਕਰ ਦੋਸ਼ੀਆਂ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :-ਬਿਜਲੀ ਮੰਤਰੀ ਦਾ ਪੰਜਾਬੀਆਂ ਲਈ ਤੋਹਫ਼ਾ