ਤਰਨਤਾਰਨ: ਪੰਜਾਬ ਵਿੱਚ ਨਸ਼ੇ ਨੇ ਹੁਣ ਤੱਕ ਕਈ ਘਰ ਤਬਾਹ ਕੀਤੇ ਹਨ। ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਾਅਦੇ ਕਰਦੇ ਨਹੀਂ ਥੱਕਦੇ ਕਿ ਨਸ਼ਾ ਅਤੇ ਇਸ ਦੇ ਤਸਕਰਾਂ ਨਾਲ ਨਜਿੱਠਿਆ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਵਿਖਾਈ ਦੇ ਰਹੀ ਹੈ।
ਇਸ ਦਾ ਤਾਜ਼ਾ ਮਾਮਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੀ ਵਾਰਡ ਨੰਬਰ 13 ਤੋਂ ਸਾਹਮਣੇ ਆਇਆ ਜਿੱਥੇ ਸ਼ਰੇਆਮ ਚਿੱਟਾ ਵਿਕਦਾ ਹੈ। ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਫ਼ੜਨ ਦੀ ਬਜਾਏ ਇਨ੍ਹਾਂ ਦੀ ਮਦਦ ਕਰਦੀ ਦਿਖਾਈ ਦਿੰਦੀ ਹੈ। ਇਸੇ ਦੇ ਵਿਰੋਧ 'ਚ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਵਾਰਡ ਵਿੱਚ ਕਈ ਸਾਲਾਂ ਤੋਂ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਨਸ਼ਾ ਖ਼ਰੀਦਣ ਆਉਂਦੇ ਨੌਜਵਾਨ ਲੋਕਾਂ ਨਾਲ ਲੜਾਈ ਝਗੜਾ ਕਰਦੇ ਹਨ, ਇੱਥੋਂ ਤੱਕ ਕਿ ਪੱਟੀ ਵਿੱਚ ਜੋ ਵੀ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਹਨ ਉਨ੍ਹਾਂ ਵਾਰਦਾਤਾਂ ਵਿੱਚ ਵੀ ਇੱਥੇ ਆਉਂਦੇ ਨੌਜਵਾਨਾਂ ਦਾ ਹੀ ਹੱਥ ਹੁੰਦਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕਈ ਵਾਰ ਥਾਣੇ ਪੱਟੀ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਥੇ ਨਸ਼ਾ ਸ਼ਰੇਆਮ ਵਿਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਰਡ ਵਿੱਚ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇ ਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ।
ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਐੱਸਐੱਚਓ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਹੱਲਾ ਵਾਸੀਆਂ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਜਿਸ 'ਤੇ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਅੱਗੇ ਤੋਂ ਵੀ ਕਿਸੇ ਨਸ਼ਾ ਤਸਕਰ ਨੂੰ ਨਹੀਂ ਬਖ਼ਸ਼ਿਆ ਜਾਵੇਗਾ।