ਤਰਨਤਾਰਨ: ਭਾਰਤ- ਪਾਕਿਸਤਾਨ ਸਰਹੱਦ ਦੀ ਬੀਓਪੀ ਪੋਸਟ ਰਾਜੋ ਕੇ ਵਿਖੇ ਰਾਤ ਸਮੇਂ ਡਰੋਨ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੰਡੋ-ਪਾਕਿ ਬਾਰਡਰ ’ਤੇ ਡਰੋਨ ਦੇਖੇ ਜਾਣ ਤੋਂ ਬਾਅਦ ਬੀਐੱਸਐਫ ਦੀ 103 ਬਟਾਲੀਅਨ ਅਮਰਕੋਟ ਵੱਲੋਂ ਉਸ ’ਤੇ ਫਾਇਰਿੰਗ ਕੀਤੀ ਗਈ। ਇਹ ਡਰੋਨ ਸੈਕਟਰ ਖੇਮਕਰਨ ਅੰਦਰ ਦਾਖਿਲ ਹੋਏ ਸੀ ਜਿਸ ’ਤੇ ਬੀਐੱਸਐਫ ’ਤੇ ਗੋਲੀਆਂ ਚਲਾ ਦਿੱਤੀਆਂ ਸੀ।
ਫਿਲਹਾਲ ਡਰੋਨ ਦੇਖੇ ਜਾਣ ਤੋਂ ਬਾਅਦ ਬੀਐੱਸਐਫ ਦਾ ਸਰਚ ਅਭਿਆਨ ਜਾਰੀ ਹੈ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਸਰਚ ਆਪਰੇਸ਼ਨ ਦੌਰਾਨ ਨਸ਼ੀਲੇ ਪਦਾਰਥ ਜਾਂ ਹਥਿਆਰ ਮਿਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਪੂਰੇ ਇਲਾਕੇ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਡਰੋਨ ’ਤੇ ਬੀਐਸਐਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ ਸੀ।
ਮਿਲੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਤੋਂ ਬਾਅਦ ਬੀਐਸਐਫ ਨੇ ਪੱਟੀ ਪਾਲੋ, ਲਾਖਨਾ, ਮਦੱਰ ਮਥੁਰਾ ਭਾਗੀ, ਜਾਂ ਤਾਰਾ ਸਿੰਘ ਵਿੱਚ ਵੀ ਅਲਰਟ ਕੀਤਾ ਗਿਆ ਹੈ। ਸਾਹਮਣੇ ਆਇਆ ਹੈ ਕਿ ਬੀਐਸਐਫ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਘੁਸਪੈਠ ਜਾਂ ਡਰੋਨ ਭੇਜਣ ਦੀ ਕੋਈ ਕਾਰਵਾਈ ਹੋ ਸਕਦੀ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ।