ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਬਾਣੀਆਂ ਵਿਖੇ ਜ਼ਮੀਨੀ ਝਗੜੇ ਦੇ ਚਲਦਿਆਂ ਟਰੈਕਟਰ ਨੂੰ ਅੱਗ ਲਗਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੇ ਸੋਨਾਲੀਕਾ ਟਰੈਕਟਰ ਨਾਲ ਆਪਣੀ ਠੇਕੇ ਤੇ ਲਈ ਗਈ ਜ਼ਮੀਨ ਨੂੰ ਵਾਹ ਰਿਹਾ ਸੀ ਅਤੇ ਰਾਤ 8:30 ਵਜੇ ਦੇ ਕਰੀਬ ਜਿੱਥੇ ਰਜਿੰਦਰ ਸਿੰਘ ਪੁੱਤਰ ਗੱਜਣ ਨੇ ਆਪਣੇ 20 ਦੇ ਕਰੀਬ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ ਉੱਪਰ ਹਮਲਾ ਬੋਲ ਦਿੱਤਾ।
ਉਨ੍ਹਾਂ ਦੱਸਿਆ ਕਿ ਉਸ ਵੱਲੋਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਅਤੇ ਤੇਜਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਪਹਿਲਾਂ ਉਸ ਦੇ ਟਰੈਕਟਰ ਤੇ ਡਾਂਗਾਂ ਚਲਾਈਆਂ ਅਤੇ ਬਾਅਦ ਵਿੱਚ ਟਰੈਕਟਰ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਟਰੈਕਟਰ ਉਨ੍ਹਾਂ ਹਾਲੇ ਇਕ ਹਫ਼ਤਾ ਪਹਿਲਾਂ ਹੀ ਨਵਾਂ ਕਢਵਾਇਆ ਸੀ।
ਇਸ ਸੰਬੰਧੀ ਜਦੋਂ ਵਿਰੋਧੀ ਧਿਰ ਦੇ ਵਿਅਕਤੀ ਰਜਿੰਦਰ ਸਿੰਘ ਪੁੱਤਰ ਗੱਜਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤੇ ਹਮਲਾ ਨਹੀਂ ਕੀਤਾ ਗਿਆ ਅਤੇ ਨਾਂ ਹੀ ਕਿਸੇ ਦੇ ਟਰੈਕਟਰ ਨੂੰ ਅੱਗ ਲਗਾਈ ਹੈ।
ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਖ਼ੁਦ ਸਾਰੀ ਮਨਘੜ੍ਹਤ ਕਹਾਣੀ ਘੜੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਖੁਦ ਟਰੈਕਟਰ ਨੂੰ ਅੱਗ ਲਗਾਈ ਅਤੇ ਨਾਲੇ ਸਾਡੇ ਘਰ ਮੂਹਰੇ ਆ ਸਾਨੂੰ ਗਾਲੀ ਗਲੋਚ ਕੀਤਾ ਤੇ ਹਵਾਈ ਫਾਇਰ ਕੀਤੇ।
ਇਸ ਸਬੰਧੀ ਜਦੋਂ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਰਖ਼ਾਸਤ ਕਰਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ ਅਤੇ ਸਚਾਈ ਨੂੰ ਜਾਨਣ ਲਈ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁੱਖਾ ਦੁਨੋ ਕੇ ਗੈਂਗ ਦੇ ਮੈਂਬਰ ਮਾਰੂ ਹਥਿਆਰਾਂ ਨਾਲ ਕਾਬੂ, ਬੰਬੀਹਾ ਗਰੁੱਪ ਨਾਲ ਵੀ ਸਬੰਧ