ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਦਿਨ ਦਿਹਾੜ੍ਹੇ 3 ਹਥਿਆਰਬੰਦ ਲੁਟੇਰਿਆਂ ਵੱਲੋਂ ਢੀਂਗਰਾ ਮੈਡੀਕਲ ਸਟੋਰ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੈਡੀਕਲ ਸਟੋਰ ਵਿੱਚੋਂ ਕਰਿੰਦਿਆਂ ਤੋਂ ਹਥਿਆਰ ਵਿਖਾ ਕੇ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ।
ਫਿਲਹਾਲ ਲੁਟੇਰਿਆਂ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਸਟੋਰ ਦੇ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਮੈਡੀਕਲ ਸਟੋਰ ਤੋਂ ਬਾਹਰ ਗਏ ਹੋਏ ਸਨ ਅਤੇ ਉਨ੍ਹਾਂ ਦੀ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਅੰਮ੍ਰਿਤਪਾਲ ਸਿੰਘ ਨੂੰ 3 ਹਥਿਆਰਬੰਦ ਲੁਟੇਰਿਆਂ ਨੇ ਆਣ ਕੇ ਪਿਸਟਲ ਵਿਖਾ ਕੇ ਦੁਕਾਨ ਵਿਚੋਂ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਉਧਰ ਮੈਡੀਕਲ ਸਟੋਰ ਤੇ ਕੰਮ ਕਰਨ ਵਾਲੇ ਕਰਿੰਦੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੈਡੀਕਲ ਸਟੋਰ ਤੇ ਬੈਠੇ ਹੋਏ ਸਨ ਤਾਂ ਮੈਡੀਕਲ ਸਟੋਰ ਦੇ ਸਾਹਮਣੇ ਇਕ ਇਨੋਵਾ ਗੱਡੀ ਆਣ ਕੇ ਖੜ੍ਹੀ ਹੋਈ, ਜਿਸ ਵਿਚ 6- 7 ਨੌਜਵਾਨ ਸਨ ਅਤੇ ਉਨ੍ਹਾਂ ਵਿੱਚੋਂ 3 ਨੌਜਵਾਨ ਪਿਸਤੌਲ ਲੈ ਕੇ ਮੈਡੀਕਲ ਸਟੋਰ ਵਿਚ ਅੰਦਰ ਵੜ ਗਏ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਦੁਕਾਨ ਦੇ ਗੱਲੇ ਵਿਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ।
ਮੈਡੀਕਲ ਸਟੋਰ ਦੇ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਸਬੰਧੀ ਪੁਲਿਸ ਚੌਂਕੀ ਨੌਸ਼ਹਿਰਾ ਪਨੂੰਆਂ ਨੂੰ ਇਤਲਾਹ ਦਿੱਤੀ ਹੈ। ਜਿਸ ਤੋਂ ਬਾਅਦ ਸਬ ਡਿਵੀਜ਼ਨ ਪੱਟੀ ਦੇ ਡੀਐਸਪੀ ਅਤੇ ਐਸਐਚਓ ਸਰਹਾਲੀ ਸਮੇਤ ਪੁਲਿਸ ਚੌਂਕੀ ਇੰਚਾਰਜ ਇੱਥੇ ਪਹੁੰਚੇ ਹਨ ਅਤੇ ਬਣਦੀ ਕਾਰਵਾਈ ਕਰ ਰਹੇ ਹਨ।
ਉੱਧਰ ਜਦੋਂ ਇਸ ਸਬੰਧੀ ਪੁਲਿਸ ਚੌਂਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਆੜ੍ਹਤੀਆਂ 'ਤੇ ਲਿਫਟਿੰਗ ਠੇਕੇਦਾਰ 'ਚ ਵਧੀ ਤਕਰਾਰ