ਨਵੀਂ ਦਿੱਲੀ: ਭਾਰਤ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੰਗਲਾਦੇਸ਼ ਵਿਰੁੱਧ ਤਿੰਨ ਮੈਚਾਂ ਦੀ ਟੀ-20 ਲੜੀ ਲਈ ਆਰਾਮ ਦਿੱਤਾ ਗਿਆ ਹੈ। ਕੋਹਲੀ ਦੀ ਗ਼ੈਰ-ਹਾਜ਼ਰੀ ਵਿੱਚ ਰੋਹਿਤ ਸ਼ਰਮਾ ਟੀਮ ਦੀ ਅਗਵਾਈ ਕਰਨਗੇ।
ਬੰਗਲਾਦੇਸ਼ ਵਿਰੁੱਧ ਟੀ-20 ਲੜੀ ਵਿੱਚ ਮੁੰਬਈ ਦੇ ਸ਼ਿਵਮ ਦੂਬੇ ਨੂੰ ਮੌਕਾ ਦਿੱਤਾ ਗਿਆ ਹੈ। ਦੂਬੇ ਘਰੇਲੂ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰਨ ਲਈ ਪਹਿਲੀ ਵਾਰ ਟੀਮ ਵਿੱਚ ਲਿਆ ਗਿਆ ਹੈ ਅਤੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਤੇ ਸਪਿੰਨਰ ਯੁਜੇਵੇਂਦਰ ਚਾਹਲ ਦੀ ਵੀ ਟੀ-20 ਕੌਮਾਂਤਰੀ ਟੀਮ ਵਿੱਚ ਵਾਪਸੀ ਹੋਈ ਹੈ
ਦੱਸ ਦੇਈਏ ਕਿ ਕੇਰਲ ਦੇ 24 ਸਾਲਾ ਸੈਮਸਨ ਨੇ ਆਪਣਾ ਇਕਮਾਤਰ ਟੀ-20 ਕੌਮਾਂਤਰੀ ਮੈਚ ਜ਼ਿੰਬਾਬਵੇ ਖ਼ਿਲਾਫ਼ 2015 ਵਿੱਚ ਖੇਡਿਆ ਸੀ। ਭਾਰਤ 'ਏ' ਟੀਮ ਦੇ ਨਿਯਮਤ ਮੈਂਬਰ ਸੈਮਸਨ ਨੂੰ ਵਿਜੈ ਹਜ਼ਾਰੇ ਟਰਾਫੀ ਵਿੱਚ ਚੰਗਾ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਜਿੱਥੇ ਉਸ ਨੇ ਅੱਠ ਪਾਰੀਆਂ ਵਿੱਚ ਇਕ ਦੂਹਰੇ ਸੈਕੜੇ ਦੀ ਮਦਦ ਨਾਲ 400 ਦੌੜਾ ਬਣਾਈਆਂ ਸਨ।
ਦੱਸ ਦੇਈਏ ਕਿ ਚੋਣ ਕਮੇਟੀ ਦੀ ਬੈਠਕ ਵਿੱਚ ਆਲਰਾਂਉਡਰ ਹਾਰਦਿਕ ਪਾਂਡਿਆ ਦੇ ਨਾਂਅ 'ਤੇ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਪਿੱਠ ਦਰਦ ਤੋਂ ਨਹੀਂ ਉੱਭਰਿਆ ਹੈ। ਉਸ ਦੀ ਜਗ੍ਹਾ 26 ਸਾਲਾ ਦੂਬੇ ਨੂੰ ਮਿਲੀ ਹੈ।
ਇਹ ਵੀ ਪੜੋ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੀਐਮ ਮੋਦੀ ਨੇ ਕੀਤਾ ਸੰਬੋਧਨ
ਬੰਗਲਾਦੇਸ਼ ਖ਼ਿਲਾਫ਼ ਤਿੰਨ ਟੀ-20 ਅਤੇ 2 ਟੈਸਟ ਮੈਚ ਖੇਡੇ ਜਾਣਗੇ। ਪਹਿਲਾ ਟੀ-20 3 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗਾ ਜਦੋਂਕਿ ਬਾਕੀ 2 ਮੈਚ 7 ਤੇ 10 ਨਵੰਬਰ ਨੂੰ ਕ੍ਰਮਵਾਰ ਰਾਜੋਕਟ ਤੇ ਨਾਗਪੁਰ ਖੇਡੇ ਜਾਣਗੇ। ਟੈਸਟ ਵਿਸ਼ਵ ਚੈਪੀਅਨਸ਼ਿਪ ਦਾ ਹਿੱਸਾ ਹਨ। ਪਹਿਲਾ ਟੈਸਟ ਮੈਚ 14 ਤੋਂ 18 ਨਵੰਬਰ ਵਿਚਾਲੇ ਇੰਦੌਰ ਵਿੱਚ ਅਤੇ ਦੂਜਾ ਟੈਸਟ ਮੈਚ 22 ਤੋਂ 26 ਨਵੰਬਰ ਵਿਚਾਲੇ ਕੋਲਕਾਤਾ ਵਿੱਚ ਖੇਡਿਆ ਜਾਵੇਗਾ।