ਮਲੋਟ: ਲੰਘੇ ਬੁੱਧਵਾਰ ਸ਼ਰੇਆਮ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸਰਕਾਰੀ ਅਧਿਆਪਕ ਨੇ ਸ਼ਨੀਵਾਰ ਨੂੰ ਸ਼ਹਿਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਕਥਿਤ ਦੋਸ਼ੀ ਅਧਿਆਪਕ ਗੁਰਸੇਵਕ ਸਿੰਘ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਇੱਕ ਬਰਤਨ ਸਟੋਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ। ਇਸ ਪਿੱਛੋਂ ਜ਼ਖ਼ਮੀਆਂ 'ਚੋਂ ਇੱਕ ਔਰਤ ਦੀ ਵੀ ਮੌਤ ਹੋ ਗਈ ਸੀ।
ਉਪ ਕਪਤਾਨ ਪੁਲਿਸ ਭੁਪਿੰਦਰ ਸਿੰਘ ਨੇ ਬੀਤੇ ਦਿਨ ਅਧਿਆਪਕ ਗੁਰਸੇਵਕ ਸਿੰਘ ਨੇ ਬਰਤਨ ਸਟੋਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਸੀ। ਕਥਿਤ ਦੋਸ਼ੀ ਹਮਲਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਅਧਿਆਪਕ ਵਿਰੁੱਧ ਧਾਰਾ 302, 307 ਐਕਟ ਤਹਿਤ ਕੇਸ ਦਰਜ ਕਰਕੇ ਭਾਲ ਅਰੰਭ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਕਥਿਤ ਦੋਸ਼ੀ ਅਧਿਆਪਕ ਨੇ ਮਲੋਟ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਹੈ, ਜਿਸ ਨੂੰ ਪੁਲਿਸ ਨੇ ਅਦਾਲਤ ਪੁੱਜ ਕੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਅਧਿਆਪਕ ਦਾ ਗੋਲੀਆਂ ਚਲਾਉਣ ਬਾਰੇ ਜਾਣਕਾਰੀ ਲਈ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਹੈ।