ਸ੍ਰੀ ਮੁਕਤਸਰ ਸਾਹਿਬ: ਲੌਕਡਾਊਨ ਤੇ ਕਰਫ਼ਿਊ ਦੌਰਾਨ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮਾਮਲੇ ਰੁਕਣ ਦੀ ਥਾਂ ਵਧਦੇ ਹੀ ਜਾ ਰਹੇ ਹਨ ਤੇ ਪੁਲਿਸ ਵੀ ਅਜਿਹੇ ਚੋਰਾਂ 'ਤੇ ਨਕੇਲ ਕੱਸਣ ਵਿੱਚ ਲੱਗੀ ਹੋਈ ਹੈ। ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮੰਡੀ ਬਰੀਵਾਲਾ ਅਤੇ ਪਿੰਡ ਵੱਟੂ ਤੋਂ 2 ਅਜਿਹੇ ਕਥਿਤ ਵਾਹਨ-ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮਹਿੰਗੇ ਭਾਅ ਦੇ ਬੁਲਟ ਮੋਟਰਸਾਈਕਲ ਨੂੰ ਕੁਝ ਕੁ ਹਜ਼ਾਰ ਰੁਪਏ 'ਚ ਵੇਚਣ ਦੀ ਤਿਆਰੀ ਕਰ ਰਹੇ ਸਨ।
ਇਸ ਬਾਰੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਿੰਦਰ ਪਾਲ ਸਿੰਘ ਨੇ ਬੁਲਟ ਮੋਟਰਸਾਈਕਲ ਚੋਰੀ ਕਰਨ ਵਾਲੇ ਕਥਿਤ ਚੋਰਾਂ ਵਜੋਂ ਗੁਰਮੀਤ ਸਿੰਘ ਪੁੱਤਰ ਜੱਜ ਸਿੰਘ ਤੇ ਸਚਿਨ ਪੁੱਤਰ ਰਾਮ ਨਰੇਸ਼ ਦੇ ਖਿਲਾਫ਼ ਐਫ਼ਆਈਆਰ ਨੰਬਰ 304 ਅਧੀਨ ਧਾਰਾ 411 ਦਰਜ ਕਰ ਲਿਆ ਹੈ।
ਇਨ੍ਹਾਂ ਤੋਂ ਲੁੱਟ ਦੌਰਾਨ ਲੁੱਟਿਆ ਇੱਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਦੇ ਸੂਤਰਾਂ ਮੁਤਾਬਕ ਬੁਲਟ ਮੋਟਰਸਾਈਕਲ ਨੂੰ ਚੁਰਾਉਣ ਵਾਲੇ ਕਥਿਤ ਦੋਸ਼ੀਆਂ ਨੂੰ ਜਿਸ ਸਮੇਂ ਚੈਕਿੰਗ ਦੌਰਾਨ ਕਾਬੂ ਕੀਤਾ ਗਿਆ ਤਾਂ ਇਹ ਦੋਸ਼ੀ, ਡੇਢ ਲੱਖ ਦੀ ਕੀਮਤ ਵਾਲੇ ਬੁਲਟ ਮੋਟਰਸਾਈਕਲ ਨੂੰ ਮਹਿਜ਼ 17 ਹਜ਼ਾਰ 'ਚ ਵੇਚਣ ਦੀ ਤਿਆਰੀ ਵਿੱਚ ਸਨ।
ਐਸਐਚਓ ਨੇ ਦੱਸਿਆ ਕਿ ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਸ਼ੇਰ ਸਿੰਘ ਚੌਂਕ 'ਚ ਸ਼ਿਕਾਇਤਕਰਤਾ ਸਤਨਾਮ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਖਾਰਾ ਦਾ ਮਹਿੰਗਾ ਮੋਬਾਇਲ ਫ਼ੋਨ ਖੋਹਣ ਵਾਲੇ ਕਥਿਤ ਝੱਪਟਮਾਰ ਨਿਸ਼ਾਨ ਸਿੰਘ ਵਾਸੀ ਪਿੰਡ ਗੋਨਿਆਣਾ ਤੇ ਹਰਦੀਪ ਸਿੰਘ ਨੂੰ ਵਾਰਦਾਤ ਤੋਂ ਮਹਿਜ਼ ਇੱਕ ਘੰਟੇ 'ਚ ਹੀ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਦੁਆਰਾ ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਅੱਗੇ ਵੀ ਮਾਮਲੇ ਦੀ ਪੜਤਾਲ ਜਾਰੀ ਰੱਖਣ ਬਾਰੇ ਦੱਸਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ।