ਸ੍ਰੀ ਮੁਕਤਸਰ ਸਾਹਿਬ : ਪਿੰਡ ਦੋਦਾ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਇੱਕ ਅਧਿਕਾਰੀ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਸਟੋਰ ਦਾ ਸਮਾਨ ਵੇਚਦਾ ਪਾਇਆ ਗਿਆ। ਸਥਾਨਕ ਮੀਡੀਆ ਕਰਮੀਆਂ ਨੇ ਮੁਲਜ਼ਮ ਜੇਈ ਨੂੰ ਚੋਰੀ ਦੇ ਟਰਾਂਸਫਾਰਮਰ ਬਕਸੇ, ਤਾਂਬੇ ਦੀਆਂ ਤਾਰਾਂ ਆਦਿ ਵੇਚਦੇ ਹੋਏ ਰੰਗੀ ਹੱਥੀ ਕਾਬੂ ਕੀਤਾ। ਇਸ ਸਬੰਧੀ ਪੀਐਸਪੀਸੀਐਲ ਤੇ ਐਕਸਾਈਜ਼ ਵਿਭਾਗ ਕੋਲ ਸ਼ਿਕਾਇਤ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਦੋਦਾ ਅਤੇ ਨੇੜਲੇ ਖ਼ੇਤਰ 'ਚ ਵੱਡੀ ਗਿਣਤੀ ਵਿੱਚ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ 'ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਕਿਸਾਨ ਲਗਾਤਾਰ ਉਨ੍ਹਾਂ ਦੇ ਖੇਤਾਂ 'ਚ ਲਗੇ ਮੋਟਰਾਂ ਨੇੜੇ ਲੱਗੇ ਟਰਾਸਫਾਰਮਾਂ ਦੇ ਬਕਸੇ ਤੇ ਉਨ੍ਹਾ ਚੋਂ ਤਾਂਬਾ ਚੋਰੀ ਹੋਣ ਦੀ ਸ਼ਿਕਾਇਤ ਕਰ ਰਹੇ ਸਨ, ਪਰ ਪੁਲਿਸ ਇਸ ਮਾਮਲੇ 'ਚ ਹੁਣ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਗੁਪਤ ਸੂਚਨਾ ਦੇ ਅਧਾਰ 'ਤੇ ਜਦ ਸਥਾਨਕ ਮੀਡੀਆ ਟੀਮ ਪਿੰਡ ਦੋਦਾ ਪੁੱਜੀ ਤਾਂ ਉਨ੍ਹਾਂ ਨੇ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਨੂੰ ਸਰਕਾਰੀ ਸਟੋਰ ਦਾ ਸਮਾਨ ਵੇਚਦੇ ਹੋਏ ਰੰਗੀ ਹੱਥ ਕਾਬੂ ਕੀਤਾ। ਉਕਤ ਅਧਿਕਾਰੀ ਪਾਵਰਕਾਮ 'ਚ ਬਤੌਰ ਜੇਈ ਕੰਮ ਕਰ ਰਿਹਾ ਹੈ ਅਤੇ ਉਸ ਨੇ ਮਿਲੀਭੁਗਤ ਨਾਲ ਪਹਿਲਾਂ ਚੋਰੀ ਹੋਇਆ ਤਾਂਬਾ, 5 ਟਰਾਂਸਫਾਰਮਰਾਂ ਦੇ ਬਕਸੇ ਅਤੇ ਹੋਰ ਸਮਾਨ ਇੱਕ ਕਬਾੜੀਏ ਨੂੰ ਵੇਚ ਦਿੱਤਾ ਸੀ। ਕਬਾੜੀਆ ਸਟੋਰ ਦੇ ਅੰਦਰ ਹੀ ਗੈਸ ਕਟਰ ਨਾਲ ਕਈ ਵਸਤੂਆਂ ਕੱਟਣ ਮਗਰੋਂ ਆਪਣੀ ਗੱਡੀ ਵਿੱਚ ਰੱਖ ਰਿਹਾ ਸੀ। ਮੀਡੀਆ ਕਰਮੀਆਂ ਨੇ ਜਦ ਕਬਾੜੀਏ ਤੋਂ ਜਵਾਬ ਪੁੱਛਿਆ ਤਾਂ ਉਹ ਜਵਾਬ ਨਹੀਂ ਦੇ ਸਕਿਆ। ਉਥੇ ਹੀ ਦੂਜੇ ਪਾਸੇ ਜਦ ਮੁਲਜ਼ਮ ਜੇਈ ਕੋਲੋਂ ਮੀਡੀਆ ਨੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਟਾਲ-ਮਟੋਲ ਕਰਦਾ ਨਜ਼ਰ ਆਇਆ।
ਮੀਡੀਆ ਨੇ ਇਸ ਸਬੰਧੀ ਐਕਸਾਈਜ਼ ਵਿਭਾਗ ਕੋਲ ਸ਼ਿਕਾਇਤ ਦਿੱਤੀ। ਇਥੋਂ ਦੇ ਅਧਿਕਾਰੀ ਹਰੀਸ਼ ਕੋਠਵਾਲ ਨੇ ਦੱਸਿਆ ਕਿ ਪਾਵਰਕਾਮ ਵਿਭਾਗ ਵੱਲੋਂ ਚੋਰੀ ਦਾ ਸਮਾਨ ਜ਼ਬਤ ਕੀਤੇ ਜਾਣ ਮਗਰੋਂ ਸਰਕਾਰੀ ਸਟੋਰ ਵਿੱਚ ਜਮਾ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਚੋਰੀ ਹੋਏ ਟਰਾਂਸਫਾਰਮਰਾਂ ਦੇ ਬਕਸੇ, ਉਸ 'ਚ ਲੱਗੇ ਤਾਂਬੇ ਸਣੇ ਕੋਈ ਵੀ ਸਮਾਨ ਵੇਚ ਨਹੀਂ ਸਕਦਾ । ਅਧਿਕਾਰੀ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਤੇ ਉਕਤ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ। ਸਥਾਨਕ ਕਿਸਾਨਾਂ ਨੇ ਵੀ ਇਸ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਿੰਡਾਂ 'ਚ ਚੋਰੀ ਹੋਏ ਬਿਜਲੀ ਦੇ ਸਮਾਨਾਂ ਬਾਰੇ ਪਤਾ ਲਗਾਇਆ ਜਾ ਸਕੇ।