ਮੋਗਾ: ਅੱਜ ਨਵੇਂ ਸਾਲ ਦੇ ਮੌਕੇ 'ਤੇ ਮੋਗਾ ਨਗਰ ਨਿਗਮ 'ਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਹਨ ਅਤੇ ਲੋਕਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵੇਂ ਸਾਲ 'ਚ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈਕੇ ਆਵੇ, ਉੱਥੇ ਹੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਨਵੇਂ ਸਾਲ 2025 'ਚ ਮੋਗਾ ਸ਼ਹਿਰ ਵਿੱਚ ਜੋ ਵੀ ਕੰਮ ਅਧੂਰਾ ਪਿਆ ਹੈ ਉਹ ਜਲਦੀ ਪੂਰਾ ਹੋ ਜਾਵੇਗਾ ਅਤੇ ਹੋਰ ਵੀ ਵੱਡੇ ਪ੍ਰਾਜੈਕਟ ਮੋਗਾ ਲਈ ਲੈਕੇ ਆਵਾਂਗੇ।
'ਮੋਗਾ ਦੀ ਬਦਲੀ ਜਾਵੇਗੀ ਨੁਹਾਰ'
ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਨਵੇਂ ਸਾਲ 2025 ਵਿੱਚ ਮੋਗਾ ਸ਼ਹਿਰ ਵਿੱਚ ਜੋ ਵੀ ਕੰਮ ਅਧੂਰਾ ਪਿਆ ਹੈ। ਉਹ ਜਲਦੀ ਪੂਰਾ ਹੋ ਜਾਵੇਗਾ ਅਤੇ ਹੋਰ ਵੀ ਵੱਡੇ ਪ੍ਰਾਜੈਕਟ ਮੋਗਾ ਲਈ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ 2025 ਨਵੇਂ ਸਾਲ ਵਿੱਚ ਅਗਲੇ ਹਫਤੇ ਹੀ ਹਾਉਸ ਦੀ ਮੀਟਿੰਗ ਬੁਲਾ ਕੇ ਮੋਗੇ ਦੇ ਰਹਿੰਦੇ ਕੰਮਾਂ ਨੂੰ ਪਹਿਲ ਦੇ ਅਧਾਰ ਉੱਤੇ ਕਰਵਾਇਆ ਜਾਵੇਗਾ।
'ਕਰੋੜਾਂ ਰੁਪਏ ਦੇ ਲਿਆਂਦੇ ਜਾਣਗੇ ਪ੍ਰਾਜੈਕਟ'
ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਦੇ ਬੱਸ ਅੱਡੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉੱਥੇ ਹੀ ਡੀਸੀ ਕੰਪਲੈਕਸ ਦੀ ਬੁਲਡਿੰਗ ਵੀ ਐਕਸਟੈਂਡ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਹੈਲਥ ਵੈਲਨੈੱਸ ਸੈਂਟਰ 16 ਕਰੋੜ ਦੀ ਲਾਗਤ ਨਾਲ ਮੋਗਾ ਦੇ ਪਿੰਡ ਦੁਨਕੇ ਵਿੱਚ ਬਣੇਗਾ। ਨਵੇਂ ਸਾਲ ਦੀ ਆਮਦ ਨੂੰ ਲੈ ਕੇ ਨਗਰ ਨਿਗਮ ਮੋਗਾ ਦਫ਼ਤਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਨਗਰ ਨਿਗਮ ਮੋਗਾ ਦਫਤਰ ਮੋਗਾ 'ਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ,ਇਸ ਮੌਕੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਵੀ ਮੱਥਾ ਟੇਕਿਆ।