ਸ੍ਰੀ ਮੁਕਤਸਰ ਸਾਹਿਬ: ਅੱਜ ਇੱਥੇ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ਲਈ ਜਲ ਸਪਲਾਈ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਹੁਤ ਜਲਦੀ ਵਿਸ਼ੇਸ਼ ਸਦਨ ਬੁਲਾਏ ਜਾਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬੀਆਂ ਵਾਸਤੇ ਖ਼ਾਸ ਕਰ ਕੇ ਕਿਸਾਨਾਂ ਵਾਸਤੇ ਬਹੁਤ ਚਿੰਤਤ ਹਨ ਤੇ ਇਸ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਅਤੇ ਖਾਦ ਦਾ ਸੰਕਟ ਕਾਇਮ ਹੈ ਜੇਕਰ ਕਿਸਾਨਾਂ ਨੇ ਰੇਲ ਲਾਈਨ ਖਾਲੀ ਨਹੀਂ ਕੀਤੀਆਂ ਤਾਂ ਹਾਲਾਤ ਇਹ ਵੀ ਬਣ ਸਕਦੇ ਹਨ ਕਿ ਸੂਬੇ ਨੂੰ ਬਿਜਲੀ ਦੀ ਖ਼ਰੀਦ ਕਰਨੀ ਪਵੇ।
ਇਸ ਮੌਕੇ ਅਕਾਲੀ ਦਲ ਬਾਦਲ ਉੱਤੇ ਨਿਸ਼ਾਨਾ ਸਾਧਦੇ ਹੋਏ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਆਖਿਆ ਕਿ ਹੁਣ ਅਕਾਲੀ ਦਲ ਰੌਲਾ ਪਾ ਰਿਹਾ ਹੈ ਪਰ ਜਦੋਂ ਇਹ ਆਰਡੀਨੈਂਸ ਪਾਸ ਗਿਆ ਅਤੇ ਇਸ ਦੀ ਰੂਪ-ਰੇਖਾ ਉਲੀਕੀ ਗਈ ਤਾਂ ਉਹ ਉੱਥੇ ਮੌਜੂਦ ਸੀ। ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ਲਈ ਜਲ ਸਪਲਾਈ ਲਾਉਣ ਵਾਲੀ ਪਾਇਪ ਲਾਇਨ, ਜੋ ਬੀਤੇ ਕਈ ਸਾਲਾਂ ਤੋਂ ਖ਼ਰਾਬ ਪਈ ਸੀ, ਦੇ ਨਵੀਨੀਕਰਨ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਪਾਈਪਲਾਈਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 1 ਕਰੋੜ 60 ਲੱਖ ਰੁਪਏ ਦਾ ਚੈੱਕ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਵਿੱਚ ਬੀਤੇ ਕੁੱਝ ਸਮੇਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਥਿਤ ਰੂਪ ਵਿੱਚ ਹੋਈਆਂ ਧਾਂਦਲੀਆਂ ਦੇ ਜਵਾਬ ਵਿੱਚ ਬਾਜਵਾ ਨੇ ਆਖਿਆ ਕਿ ਉਹ ਇਸ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣਗੇ। ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਉਦੇਕਰਨ ਅਤੇ ਲੰਬੀ ਢਾਬ ਵਿੱਚ ਬਣੇ ਨਵੇਂ ਵਾਟਰ ਵਰਕਸ ਸਮੇਤ ਹੋਰਨਾਂ ਵਿਕਾਸ ਕਾਰਜਾਂ ਵਿੱਚ ਹੋਈਆਂ ਕਰੋੜਾਂ ਰੁਪਏ ਦੇ ਘਪਲੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਿਨੇਟ ਮੰਤਰੀ ਬਾਜਵਾ ਨੇ ਵਿਸ਼ੇਸ਼ ਤੌਰ ਉੱਤੇ ਇਸ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕਰਨ ਦੀ ਗੱਲ ਕਹੀ।