ਮੁਕਤਸਰ ਸਾਹਿਬ: ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਵੈਲਕਮ ਨਮਕੀਨ ਭੰਡਾਰ ਦੀ ਦੁਕਾਨ ਉੱਤੇ ਕੰਮ ਕਰਦੇ ਇੱਕ ਵਿਅਕਤੀ ਉੱਤੇ ਗਰਮ-ਗਰਮ ਤੇਲ ਪਾ ਕੇ ਸਾੜਣ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਖਮੀ ਨੌਜਵਾਨ ਨੇ ਦੱਸਿਆ ਇਹ ਘਟਨਾ ਦੁਪਹਿਰ ਦੇ 12 ਵਜੇ ਦੇ ਕਰੀਬ ਵਾਪਰੀ ਹੈ। ਉਸ ਨੇ ਦੱਸਿਆ ਕਿ ਉਹ ਵੈਲਕਮ ਨਮਕੀਨ ਭੰਡਾਰ ਨਾਂਅ ਦੀ ਦੁਕਾਨ ਉੱਤੇ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਤਿਲਕ ਨਗਰ ਗਲੀ ਨੰਬਰ 2 ਵਿੱਚ ਰਹਿੰਦੇ ਇੱਕ ਮੁੰਡੇ ਨੇ ਗੁੱਸੇ ਵਿੱਚ ਆ ਕੇ ਉਸ 'ਤੇ ਗਰਮ-ਗਰਮ ਤੇਲ ਪਾ ਦਿੱਤਾ।
ਉਥੇ ਹੀ ਮੌਕੇ ਉੱਤੇ ਪੁੱਜੇ ਜ਼ਖ਼ਮੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਭਰਾ ਦਾ ਇੱਕ ਨੌਜਵਾਨ ਨਾਲ ਝਗੜਾ ਹੋ ਗਿਆ ਅਤੇ ਉਹ ਜ਼ਖ਼ਮੀ ਹਾਲਤ ਵਿੱਚ ਦੁਕਾਨ ਅੰਦਰ ਪਿਆ ਹੈ। ਰਿਸ਼ਤੇਦਾਰ ਨੇ ਦੁਕਾਨ ਮਾਲਕਾਂ ਉੱਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸ ਦੇ ਭਰਾ ਦਾ ਕੋਈ ਇਲਾਜ ਵੀ ਨਹੀਂ ਕਰਵਾਇਆ, ਬਲਕਿ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਦੁਕਾਨ ਅੰਦਰ ਹੀ ਲਿਟਾ ਰੱਖਿਆ ਸੀ।
ਦੁਕਾਨ ਮਾਲਕ ਰੌਸ਼ਨ ਲਾਲ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਕੋਲ ਜ਼ਖ਼ਮੀ ਨੂੰ ਡਾਕਟਰ ਕੋਲੋਂ ਲਿਆ ਕੇ ਦਿੱਤੀ ਗਈ ਦਵਾਈ ਵੀ ਪਈ ਹੈ।
ਇਸ ਨੌਜਵਾਨ ਨੂੰ ਸਮਾਜ ਸੇਵੀ ਸੰਸਥਾ ਨੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ। ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਲਾਜ ਕਰ ਰਹੇ ਡਾਕਟਰ ਨਵਰੋਜ ਗੋਇਲ ਨੇ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਹੈ।