ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ 1984 ਦੇ ਸਿੱਖ ਕਤਲੇਆਮ ਅਤੇ ਸੱਜਣ ਕੁਮਾਰ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਗਿਆਸਪੁਰਾ ਨੇ ਕਿਹਾ ਕਿ ਨਵੰਬਰ 1984 ਵਿੱਚ 12 ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਕਾਂਗਰਸ ਦੀਆਂ ਟਿਕਟਾਂ ਨਾਲ ਸਨਮਾਨਿਤ ਕੀਤਾ ਗਿਆ, ਭਾਵੇਂ ਉਹ ਇਸ ਕਤਲੇਆਮ ਦਾ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ, ਹਾਲਾਂਕਿ ਇਹ ਸਜ਼ਾ ਅੱਜ ਹੋਣੀ ਸੀ।
ਸਿੱਖਾਂ ਨੂੰ ਇਨਸਾਫ਼
ਗਿਆਸਪੁਰਾ ਨੇ ਕਿਹਾ ਮੈਂ ਭਾਜਪਾ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਜੋ ਇਹ ਕਹਿ ਕੇ ਆਪਣੀ ਪਿੱਠ ਥਪਥਪਾਉਂਦੀ ਹੈ ਕਿ ਇਸ ਨੇ ਸਿੱਖਾਂ ਨੂੰ ਇਨਸਾਫ਼ ਦਿਵਾਇਆ ਹੈ, ਕਿ 1984 ਵਿਚ ਹੋਂਦ ਚਿੱਲੜ ਵਿਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। 2015 ਵਿੱਚ ਜਸਟਿਸ ਟੀਪੀ ਗਰਗ ਕਮਿਸ਼ਨ ਨੇ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ ਸੀ, ਜਿਸ ਵਿੱਚ ਕਮਿਸ਼ਨ ਨੇ ਸਵੀਕਾਰ ਕੀਤਾ ਸੀ ਕਿ ਸਿੱਖਾਂ ਦਾ ਕਤਲੇਆਮ ਹੋਇਆ ਸੀ। ਅਫਸਰਾਂ ’ਤੇ ਦੋਸ਼ ਲਾਉਣ ਤੋਂ ਬਾਅਦ ਵੀ ਭਾਜਪਾ ਸਰਕਾਰ ਉਨ੍ਹਾਂ ਅਫਸਰਾਂ ਦੀ ਸਰਪ੍ਰਸਤੀ ਕਰਦੀ ਰਹੀ।
ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ
ਗਿਆਸਪੁਰਾ ਨੇ ਕਿਹਾ ਕਿ ਹਾਈ ਕੋਰਟ ਇਸ ਮਾਮਲੇ ਨੂੰ ਆਮ ਕੇਸ ਵਾਂਗ ਦੇਖ ਰਹੀ ਹੈ। ਜਸਟਿਸ ਟੀਪੀ ਕਮਿਸ਼ਨ ਵਲੋਂ 4 ਅਫਸਰਾਂ ਖਿਲਾਫ ਐਸਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸਆਈ ਰਾਮ ਕਿਸ਼ੋਰ ਅਤੇ ਰਾਮ ਕੁਮਾਰ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ। ਪੁਲਿਸ ਥਾਣਾ ਘਟਨਾ ਵਾਲੀ ਥਾਂ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਸੀ ਪਰ ਪੁਲਿਸ 24 ਘੰਟੇ ਬਾਅਦ ਪਹੁੰਚੀ। ਹੁਕਮ ਦੇਣ ਤੋਂ ਬਾਅਦ ਬੀਜੇਪੀ ਦੀ ਸਰਕਾਰ ਨੇ ਇਨ੍ਹਾਂ ਅਫਸਰਾਂ ਦੀ ਸਰਪ੍ਰਸਤੀ ਕੀਤੀ ਅਤੇ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ 2 ਸਾਲ ਰੋਸ ਪ੍ਰਦਰਸ਼ਨ ਕਰਦੇ ਰਹੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ ਪਰ ਪਿਛਲੇ 8 ਸਾਲਾਂ ਤੋਂ ਸਾਨੂੰ ਸਿਰਫ ਤਰੀਕਾਂ ਹੀ ਮਿਲ ਰਹੀਆਂ ਹਨ।
ਗਿਆਸਪੁਰਾ ਨੇ ਕਿਹਾ ਕਿ ਉਹ ਭਾਜਪਾ ਸਰਕਾਰ ਤੋਂ ਪੁੱਛਦੇ ਹਨ ਕਿ ਹਰਿਆਣਾ ਵਿੱਚ ਮਾਰੇ ਗਏ 79 ਸਿੱਖਾਂ ਨੂੰ ਇਨਸਾਫ਼ ਕਦੋਂ ਮਿਲੇਗਾ। ਗਿਆਸਪੁਰਾ ਨੇ ਕਿਹਾ ਕਿ ਬੀਜੇਪੀ ਦਾ ਅੱਜ ਉਨ੍ਹਾਂ ਨੇ ਦੋਹਰਾ ਚਿਹਰਾ ਲੋਕਾਂ ਨੂੰ ਦੱਸਿਆ ਹੈ। ਉਹ ਨਵਾਂ ਕੇਸ ਲੋਕਾਂ ਸਾਹਮਣੇ ਲਿਆ ਕਿ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਲੁਕਾਉਣ ਦੀ ਕੋਸ਼ਿਸ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਬਲਕਿ ਬਚਾਅ ਰਹੀ ਹੈ।
ਪਿਓ-ਪੁੱਤ ਦੇ ਕਤਲ ਨਾਲ ਸਬੰਧਿਤ ਹੈ ਮਾਮਲਾ
ਇਹ ਮਾਮਲਾ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਸਿੱਖ ਪਿਓ-ਪੁੱਤ ਦੇ ਕਤਲ ਨਾਲ ਸਬੰਧਤ ਹੈ। ਇਸ ਮਾਮਲੇ 'ਚ ਸੱਜਣ ਕੁਮਾਰ 'ਤੇ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਉਸ ਦੇ ਉਕਸਾਉਣ 'ਤੇ ਭੀੜ ਨੇ ਦੋ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਸ ਤੋਂ ਬਾਅਦ ਪੀੜਤਾਂ ਦੇ ਘਰ ਲੁੱਟਮਾਰ ਕੀਤੀ ਗਈ ਅਤੇ ਘਰ ਵਿੱਚ ਮੌਜੂਦ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ। 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪੰਜਾਬੀ ਬਾਗ ਪੁਲਿਸ ਨੇ ਇਹ ਕੇਸ ਦਰਜ ਕਰ ਲਿਆ ਸੀ ਪਰ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। 16 ਦਸੰਬਰ, 2021 ਨੂੰ, ਅਦਾਲਤ ਨੇ ਕੁਮਾਰ ਵਿਰੁੱਧ ਦੋਸ਼ ਆਇਦ ਕੀਤੇ ਅਤੇ ਉਸ ਦੇ ਖਿਲਾਫ ਪਹਿਲੀ ਨਜ਼ਰੇ ਕੇਸ ਪਾਇਆ। ਇਸ ਕੇਸ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਦੋਸ਼ ਲਾਇਆ ਸੀ ਕਿ ਭੀੜ ਨੇ ਸ਼ਿਕਾਇਤਕਰਤਾ ਜਸਵੰਤ ਦੀ ਪਤਨੀ ਦੇ ਘਰ 'ਤੇ ਹਮਲਾ ਕੀਤਾ ਸੀ। ਉਸ ਦੇ ਪਤੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਸਮਾਨ ਲੁੱਟ ਲਿਆ ਗਿਆ। ਇਸ ਤੋਂ ਬਾਅਦ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ।