ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਨਸ਼ਾ ਤਸਕਰ ਵੀ ਸਰਗਰਮ ਹੋ ਗਏ ਹਨ। ਪੰਜਾਬ 'ਚ ਵੱਖ-ਵੱਖ ਥਾਂਵਾਂ ਤੇ ਨਸ਼ੇ ਦੀਆਂ ਬਰਾਮਦਗੀਆਂ ਹੋ ਰਹੀਆਂ ਹਨ। ਇਸੇ ਲੜੀ 'ਚ ਸ੍ਰੀ ਮੁਕਤਸਰ ਸਾਹਿਬ 'ਚ ਪੁਲਿਸ ਨੇ 30 ਕਿਲੋ ਅਫ਼ੀਮ ਬਰਾਮਦ ਕੀਤੀ ਹੈ।
ਗੁਪਤ ਸੂਚਨਾ ਦੇ ਆਧਾਰ 'ਤੇ ਫੜੇ ਮੁਲਜ਼ਮ
ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਮਨਜੀਤ ਸਿੰਘ ਢੇਸੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਸਵਿਫ਼ਟ ਕਾਰ ਚਾਲਕਾਂ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵਲੋਂ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ ਗਿਆ।
ਨਗਦੀ ਵੀ ਬਰਾਮਦ
ਜਦੋਂ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 30 ਕਿਲੋ ਅਫੀਮ ਬਰਾਮਦ ਹੋਈ। ਇਸ ਤੋਂ ਇਲਾਵਾ ਮੁਲਜ਼ਮਾਂ ਤੋਂ 17,85,400 ਰੁਪਏ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਰਿੰਕੂ, ਰਾਮ ਕੁਮਾਰ, ਸ਼ੈਂਟੀ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਕੀਤੀ ਗਈ ਹੈ।
ਆਪਸ 'ਚ ਰਿਸ਼ਤੇਦਾਰ ਹਨ ਮੁਲਜ਼ਮ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁਮਾਰ ਆਪਣੇ ਭਤੀਜੇ ਸ਼ੈਂਟੀ ਅਤੇ ਭਾਣਜੇ ਰਿੰਕੂ ਨਾਲ ਰਲ ਕੇ ਕਾਫ਼ੀ ਸਮੇਂ ਤੋਂ ਅਫ਼ੀਮ ਦਾ ਕਾਰੋਬਾਰ ਕਰ ਰਿਹਾ ਸੀ। ਇਹ ਮੱਧ ਪ੍ਰਦੇਸ਼, ਰਾਜਸਥਾਨ ਅਤੇ ਝਾਰਖੰਡ ਤੋਂ ਅਫ਼ੀਮ ਮੰਗਵਾ ਕੇ ਜ਼ਿਲ੍ਹਾ ਫਾਜਲਿਕਾ, ਫਿਰੋਜ਼ਪੁਰ, ਮੋਗਾ ਅਤੇ ਲੁਧਿਆਣਾ ਵਿਖੇ ਸਪਲਾਈ ਕਰਦੇ ਸਨ। ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਸੀ। ਪੁਲਿਸ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰ ਰਹੀ ਹੈ।