ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਸੀਨੀ. ਸੈਕੰਡਰੀ ਸਕੂਲ ਦੋਦਾ ਵਿਖੇ ਬਤੌਰ ਫਿਜ਼ਿਕਸ ਲੈਕਚਰਾਰ ਸੇਵਾਵਾਂ ਨਿਭਾ ਰਹੇ ਕੰਵਰਜੀਤ ਸਿੰਘ ਨੇ ਪੀ.ਸੀ.ਐੱਸ. (ਰਜਿਸਟਰ ਸੀ) ਦੀ ਵਿਭਾਗੀ ਪ੍ਰੀਖਿਆ ਪਾਸ ਕਰਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੀ.ਸੀ.ਐੱਸ. ਅਫਸਰ ਬਣਨ ਦਾ ਮਾਣ ਹਾਸਲ ਕੀਤਾ।
ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਇਲਾਕਾ ਵਾਸੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਅਤੇ ਕੰਵਰਜੀਤ ਸਿੰਘ ਨੇ ਇਹ ਪ੍ਰਾਪਤੀ ਕਰਕੇ ਜ਼ਿਲੇ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।
ਇਸ ਮੌਕੇ ਉਸ ਦੇ ਪਿਤਾ ਦਿਲਬਾਗ ਸਿੰਘ ਅਤੇ ਦਾਦੀ ਕਰਤਾਰ ਕੌਰ ਨੇ ਕਿਹਾ ਕਿ ਉਨਾ ਨੂੰ ਆਪਣੇ ਬੱਚੇ 'ਤੇ ਬਹੁਤ ਮਾਣ ਹੈ, ਜਿਸ ਨੇ ਪੜਾਈ ਵਿੱਚ ਸਖ਼ਤ ਮਿਹਨਤ ਕਰਕੇ ਇਸ ਅਹੁਦੇ 'ਤੇ ਪਹੁੰਚਿਆ ਹੈ। ਉਨਾਂ ਕਿਹਾ ਕਿ ਉਸ ਦੀ ਸ਼ੁਰੂ ਤੋਂ ਹੀ ਪੜਾਈ ਵਿਚ ਲਗਨ ਰਹੀ ਹੈ। ਉਨਾਂ ਇਸ ਮੌਕੇ ਆਪਣੇ ਪੁੱਤਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਇਹ ਸਾਡੇ ਲਈ ਹੀ ਨਹੀਂ, ਬਲਕਿ ਪਿੰਡ ਅਤੇ ਇਲਾਕੇ ਲਈ ਮਾਣ ਦੀ ਗੱਲ ਹੈ।
ਕੰਵਰਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਬੁਰਾਈਆਂ ਤੋਂ ਬਚ ਕੇ ਪੜਾਈ ਦੇ ਖੇਤਰ ਵਿਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਇਸ ਨਾਲ ਹੀ ਉਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਉਨਾਂ ਕਿਹਾ ਕਿ ਜੇਕਰ ਨੌਜਵਾਨ ਪੜ-ਲਿਖ ਕੇ ਅੱਗੇ ਆਉਣਗੇ ਤਾਂ ਇਸ ਗੰਧਲੇ ਸਿਸਟਮ ਨੂੰ ਸੁਧਾਰਿਆ ਜਾ ਸਕਦਾ ਹੈ।