ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਭਲਾਈਆਣਾ ਦੇ ਨੌਜਵਾਨ ਗੁਰਵਿੰਦਰ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਤਾਂ ਹੋਈਆਂ ਪਰ ਵਿਆਹ ਦੀ ਤਰੀਕ ਨੇੜੇ ਆਉਣ ਤਕ ਲੜਕੀ ਨੇ ਨਾਂਹ ਕਰ ਦੱਤੀ ਤੇ ਹੁਣ ਗੁਰਵਿੰਦਰ ਕੋਲ ਆਪਣੀ ਮੰਗਣੀ ਦੀਆਂ ਫੋਟੋਆਂ ਵਾਲੀ ਐਲਬਮ ਅਤੇ ਆਪਣੀ ਹੋਣ ਵਾਲੀ ਜੀਵਣ ਸਾਥਣ ਦੀਆਂ ਭਰੀਆਂ ਕਾਲਜ ਫੀਸਾਂ ਦੀਆਂ ਰਸੀਦਾਂ ਤੋਂ ਬਿਨਾਂ ਕੁਝ ਹੋਰ ਨਹੀਂ ਬਚਿਆ। ਇਸ ਵਿਚਕਾਰ ਉਸਨੂੰ ਇਨਸਾਫ ਦੀ ਆਸ ਹੈ ਤਾਂ ਸਿਰਫ ਸਰਕਾਰ ਤੋਂ ਹੈ।
ਦਰਅਸਲ ਹੋਇਆ ਇੰਝ ਕਿ ਗੁਰਵਿੰਦਰ ਸਿੰਘ ਪਿੰਡ ਭਲਾਈਆਣਾ ਦੇ ਮਿਹਨਤਕਸ਼ ਕਿਸਾਨ ਘੁੱਕਰ ਸਿੰਘ ਦਾ ਪੁੱਤਰ ਹੈ। ਕਰੀਬ ਡੇਢ ਸਾਲ ਪਹਿਲਾਂ ਗੁਰਵਿੰਦਰ ਦੀ ਮੰਗਣੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦੀ ਲੜਕੀ ਨਾਲ ਹੋਈ। ਦੂਰ ਦੀ ਰਿਸ਼ਤੇਦਾਰੀ ਵਿਚ ਹੋਏ ਇਸ ਰਿਸ਼ਤੇ ਦੇ ਚਲਦਿਆ ਮੰਗਣੀ ਸਮੇਂ ਹੀ ਦੋਵਾਂ ਪਰਿਵਾਰਾਂ ਵਿਚਕਾਰ ਇਹ ਤਹਿ ਹੋਇਆ ਕਿ ਲੜਕੀ ਨੇ ਆਈਲੈਟਸ ਕੀਤੀ ਹੈ ਅਤੇ ਉਸਨੇ ਕੈਨੇਡਾ ਜਾਣਾ ਹੈ। ਇਸਦਾ ਖਰਚ ਗੁਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ। ਕੁਝ ਸਮੇਂ ਬਾਅਦ ਲੜਕੀ ਵਾਪਿਸ ਪੰਜਾਬ ਆ ਕੇ ਗੁਰਵਿੰਦਰ ਨਾਲ ਵਿਆਹ ਕਰਵਾਏਗੀ ਅਤੇ ਫਿਰ ਗੁਰਵਿੰਦਰ ਵੀ ਨਾਲ ਕੈਨੇਡਾ ਚਲਾ ਜਾਏਗਾ। ਕੀਤੇ ਵਾਅਦੇ ਮੁਤਾਬਕ ਗੁਰਵਿੰਦਰ ਸਿੰਘ ਦੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਕਾਲਜ ਫੀਸਾਂ ਤੋਂ ਲੈ ਜਹਾਜ਼ ਦੀ ਟਿਕਟ ਤਕ ਦੇ ਸਾਰੇ ਪੈਸੇ ਲਗਾ ਕੇ ਲੜਕੀ ਨੂੰ ਕੈਨੇਡਾ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਪਤਨੀ ਦੇ ਪ੍ਰੇਮੀ ਦਾ ਕਤਲ ਕਰਕੇ ਕਰ ਦਿੱਤੇ ਲਾਸ਼ ਦੇ ਟੁਕੜੇ, ਸ਼ੱਕ ਨੇ ਪਤੀ ਨੂੰ ਬਣਾਇਆ ਕਾਤਲ
ਇਸ ਦੌਰਾਨ ਸਭ ਕੁਝ ਸਹੀ ਚਲਦਾ ਰਿਹਾ ਲੜਕੀ ਗੁਰਵਿੰਦਰ ਅਤੇ ਉਸਦੇ ਮਾਪਿਆਂ ਨਾਲ ਵਧੀਆ ਗੱਲਬਾਤ ਵੀ ਕਰਦੀ ਰਹੀ। ਇਸ ਦਰਮਿਆਨ ਗੁਰਵਿੰਦਰ ਦੇ ਪਰਿਵਾਰ ਵੱਲੋਂ ਲੜਕੀ ਦੇ ਕਹਿਣ 'ਤੇ ਦੂਜੇ ਸਾਲ ਦੀ ਫੀਸ ਦੀ ਕਿਸ਼ਤ ਤੱਕ ਭਰ ਦਿੱਤੀ ਗਈ। ਕਰੀਬ ਡੇਢ ਸਾਲ ਬੀਤ ਜਾਣ ਬਾਅਦ ਜਦ ਵਾਪਿਸ ਪੰਜਾਬ ਆ ਕੇ ਵਿਆਹ ਕਰਵਾਉਣ ਦੀ ਗੱਲ ਚੱਲੀ ਤਾਂ ਦੋਵਾਂ ਪਰਿਵਾਰਾਂ ਅਤੇ ਲੜਕੀ ਦੀ ਸਹਿਮਤੀ ਨਾਲ 25 ਦਸੰਬਰ 2022 ਦੀ ਮਿਤੀ ਪੱਕੀ ਕਰ ਦਿੱਤੀ ਗਈ। ਜਿਸਦੇ ਚਲਦਿਆ ਗੁਰਵਿੰਦਰ ਦੇ ਪਰਿਵਾਰ ਵੱਲੋਂ ਲੜਕੀ ਦੀ ਜਹਾਜ਼ ਦੀ ਆਉਣ-ਜਾਣ ਦੀ ਟਿਕਟ ਤਕ ਕਰਵਾ ਦਿੱਤੀ ਗਈ।
ਵਿਆਹ ਲਈ ਕਾਰਡ ਤਕ ਛਪਵਾ ਲਏ ਗਏ ਪਰ ਵਿਆਹ ਤੋਂ ਕਰੀਬ 20 ਦਿਨ ਪਹਿਲਾਂ ਕੈਨੇਡਾ ਬੈਠੀ ਲੜਕੀ ਵੱਲੋਂ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਗੁਰਵਿੰਦਰ ਦੇ ਪਿਤਾ ਘੁੱਕਰ ਸਿੰਘ ਅਨੁਸਾਰ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਵਿਚੋਲਿਆਂ ਨੂੰ ਲੈ ਲੜਕੀ ਦੇ ਘਰ ਪਿੰਡ ਮੱਤਾ ਗਏ ਤਾਂ ਪਰਿਵਾਰ ਵਾਲਿਆਂ ਵੀ ਕੋਈ ਹੱਲ ਨਾ ਕੀਤਾ। ਘੁੱਕਰ ਸਿੰਘ ਅਨੁਸਾਰ ਉਸਨੇ ਆਪਣੀਆਂ ਮਸ਼ੀਨਾਂ ਵੇਚ ਤੇ ਕੁਝ ਬੈਂਕ ਤੋਂ ਕਰਜ਼ਾ ਲੈ ਇਹ ਸਭ ਕੀਤਾ ਪਰ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਇਹ ਠੱਗੀ ਉਨ੍ਹਾਂ ਨਾਲ ਕੀਤੀ ਗਈ। ਹੁਣ ਗੁਰਵਿੰਦਰ ਸਿੰਘ ਵੱਲੋਂ ਇਨਸਾਫ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ 'ਤੇ ਥਾਣਾ ਕੋਟਭਾਈ ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ।