ਸਿਵਲ ਹਸਪਤਾਲ ਗਿੱਦੜਬਾਹਾ ਦੇ ਐਸ.ਐਮ.ਓ. ਡਾ. ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜਸਥਾਨ ਦੇ ਬੀਕਾਨੇਰ ਤੋਂ ਇਕ ਰਿਪੋਰਟ ਮਿਲੀ ਸੀ, ਜਿਸ 'ਚ ਦੱਸਿਆ ਗਿਆ ਹੈ ਕਿ ਰਮਾ ਰਾਣੀ (40) ਦੀ ਸਵਾਈਨ ਫ਼ਲੂ ਕਾਰਨ ਮੌਤ ਹੋ ਗਈ ਹੈ। ਜਿਸ ਤਹਿਤ ਸਿਵਲ ਹਸਪਤਾਲ ਗਿੱਦੜਬਾਹਾ ਦੀ ਟੀਮ ਉਨ੍ਹਾਂ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਸਵਾਈਨ ਫ਼ਲੂ ਦੀ ਰੋਕਥਾਮ ਲਈ ਦਵਾਈ ਦੇਣ ਗਈ ਸੀ।
ਡਾ. ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਟੀਮ ਵੱਲੋਂ ਦਵਾਈ ਦੇਣ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਮਰੀਜ਼ ਨਾਲ ਸਬੰਧਤ ਬਿਸਤਰੇ ਅਤੇ ਕੱਪੜੇ ਆਦਿ ਨੂੰ ਸਾੜ ਦਿੱਤੇ ਜਾਣ ਤਾਂ ਜੋ ਸਵਾਈਨ ਫ਼ਲੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਮਾ ਰਾਣੀ ਨੂੰ ਕਿਸੇ ਬਿਮਾਰੀ ਦੇ ਚੱਲਦਿਆਂ ਬੀਕਾਨੇਰ ਲਿਜਾਇਆ ਗਿਆ ਸੀ ਅਤੇ ਉੱਥੇ ਡਾਕਟਰਾਂ ਨੇ ਸਵਾਈਨ ਫ਼ਲੂ ਹੋਣ ਦੀ ਪੁਸ਼ਟੀ ਕੀਤੀ ਸੀ ਅਤੇ ਜਿਸ ਮਗਰੋਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਵਾਈਨ ਫ਼ਲੂ ਦੇ ਲੱਛਣ :
- ਆਮ ਫ਼ਲੂ ਵਰਗੇ ਹੀ ਹੁੰਦੇ ਹਨ।
- ਪਛਾਣ ਖੂਨ ਦੀ ਜਾਂਚ ਰਾਹੀਂ ਕੀਤੀ ਜਾਂਦੀ ਹੈ।
- ਸਿਰ ਦਰਦ, ਬੁਖ਼ਾਰ, ਗਲੇ ਵਿੱਚ ਖ਼ੁਰਕ, ਖੰਘ, ਸਰੀਰ ਦਰਦ, ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਮੁੱਖ ਲੱਛਣ ਹਨ।
- ਗੰਭੀਰ ਹੋ ਜਾਵੇ ਤਾਂ ਕਈ ਅੰਗ ਵੀ ਨਕਾਰਾ ਹੋ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ।
ਸਵਾਈਨ ਫ਼ਲੂ ਤੋਂ ਬਚਾਅ :
- ਸਵਾਈਨ ਫ਼ਲੂ ਤੋਂ ਬਚਣ ਲਈ ਸਾਫ਼-ਸਫ਼ਾਈ ਦਾ ਖ਼ਿਆਲ ਰੱਖੋ।
- ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ।
- ਖੰਘਣ ਤੇ ਛਿੱਕਣ ਸਮੇਂ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖੋ।
- ਫ਼ਲੂ ਦੇ ਮਰੀਜ਼ਾਂ ਨੂੰ ਵੱਖਰੇ ਰੱਖੋ। ਉਨ੍ਹਾਂ ਦੀ ਸਾਂਭ ਸੰਭਾਲ ਵਾਲੇ ਲੋਕ ਮਾਸਕ ਦੀ ਵਰਤੋਂ ਜ਼ਰੂਰ ਕਰਨ।