ਸ੍ਰੀ ਮੁਕਤਸਰ ਸਾਹਿਬ: ਮਲੋਟ ਰੋਡ 'ਤੇ ਨਸ਼ੇੜੀ ਜੀਪ ਚਾਲਕ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿੱਥੇ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ 'ਤੇ ਨਸ਼ੇੜੀ ਨੇ ਜੀਪ ਚੜ੍ਹਾ ਦਿੱਤੀ। ਇਸ ਨਾਲ ਝੁੱਗੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਅਤੇ ਉੱਥੇ ਪਈਆਂ ਮੂਰਤੀਆਂ ਵੀ ਟੁੱਟ ਕੇ ਚਕਨਾਚੂਰ ਹੋ ਗਈਆਂ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਥਾਰ ਜੀਪ ਵਿੱਚ ਬੈਠੇ 2 ਨੌਜਵਾਨਾਂ ਨੂੰ ਕਬਜ਼ੇ 'ਚ ਲੈ ਲਿਆ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆਂ ਕਿ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਨਾਲ ਹੀ ਲੋਕਾਂ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਜੇਬ 'ਚ ਨਸ਼ੀਲੇ ਟੀਕੇ ਹੋਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਝੁੱਗੀ 'ਚ ਰਹਿਣ ਵਾਲਿਆਂ ਨੇ ਦੱਸਿਆ ਕਿ ਝੁੱਗੀਆਂ ਅਤੇ ਮੂਰਤੀਆਂ ਟੁੱਟਣ ਨਾਲ ਉਨ੍ਹਾਂ ਦਾ ਲਗਭਗ ਡੇਢ ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ।
ਉੱਥੇ ਹੀ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਯਾਦਵਿੰਦਰ ਅਤੇ ਅਰਬਾਜ਼ ਸਿੰਘ ਮਲੋਟ ਵਾਲੇ ਪਾਸਿਓਂ ਆ ਰਹੇ ਸਨ, ਜਿਨ੍ਹਾਂ ਦੀ ਜੀਪ ਬੇਕਾਬੂ ਹੋਣ ਨਾਲ ਝੁੱਗੀ 'ਚ ਜਾ ਵੱਜੀ। ਮੂਰਤੀਆਂ ਟੁੱਟਣ ਨਾਲ ਝੁੱਗੀ ਵਾਲਿਆਂ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ, ਪਰ ਬਾਅਦ 'ਚ ਪੀੜਤਾਂ ਨੇ ਆਪਸ ਵਿੱਚ ਰਾਜੀਨਾਮਾ ਕਰ ਲਿਆ ਗਿਆ।
ਉਧਰ ਦੂਜੇ ਪਾਸੇ ਨੌਜਵਾਨਾਂ ਕੋਲੋਂ ਨਸ਼ੀਲੇ ਟੀਕੇ ਮਿਲਣ ਦੀ ਗੱਲ ਤੋਂ ਐਸਐਚਓ ਨੇ ਇਨਕਾਰ ਕਰ ਦਿੱਤਾ। ਐਸਐਚਓ ਨੇ ਕਿਹਾ ਰਾਜੀਨਾਮਾ ਹੋਣ ਕਾਰਨ ਨੌਜਵਾਨਾਂ ਦਾ ਮੈਡੀਕਲ ਟੈਸਟ ਕਰਵਾਉਣ ਦੀ ਲੋੜ ਨਹੀਂ ਸਮਝੀ ਗਈ।