ਮੁਕਤਸਰ: ਬੱਸ ਹਾਦਸੇ ਤੋਂ ਬਾਅਦ ਜਿੱਥੇ ਲੋਕਾਂ 'ਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਹੁਣ ਹਾਦਸੇ ਦਾ ਸ਼ਿਕਾਰ ਹੋਈ ਨਿਊਦੀਪ ਬੱਸ ਦੇ ਮਾਲਕ ਦਾ ਬਿਆਨ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਟਰਾਂਰਸਪੋਰਟ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋਂ ਸਭ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਗਈ ਹੈ। ਉਨ੍ਹਾਂ ਆਖਿਆ ਕਿ ਭਾਰੀ ਬਰਸਾਤ, ਚਿੱਕੜ ਅਤੇ ਪੁਲ ਤੰਗ ਹੋਣ ਕਾਰਨ ਜੋ ਇਹ ਹਾਦਸਾ ਹੋਇਆ ਹੈ, ਉਨ੍ਹਾਂ ਦੇ ਸਟਾਫ਼ ਤੋਂ ਗਲਤੀ ਹੋਈ ਹੈ। ਉਸ ਦੀ ਜ਼ਿੰਮੇਵਾਰੀ ਉਹਨਾਂ ਕਬੂਲ ਕੀਤੀ ਹੈ। ਡਿੰਪੀ ਢਿੱਲੋਂ ਨੇ ਆਖਿਆ ਕਿ ਸਵਾਰੀਆਂ ਬਹੁਤ ਵਿਸ਼ਵਾਸ਼ ਕਰਕੇ ਬੱਸ 'ਚ ਬੈਠਦੀਆਂ ਹਨ ਪਰ ਅੱਜ ਜੋ ਵੀ ਹੋਇਆ ਉਹ ਬਹੁਤ ਦੁੱਖਦਾਈ ਹੈ। ਉਨ੍ਹਾਂ ਵੱਲੋਂ ਮ੍ਰਿਤਕਾਂ ਦੇ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਮੁਆਫ਼ੀ ਮੰਗੀ ਗਈ ਹੈ।
ਮੈਂ ਗਲਤੀ ਸਵੀਕਾਰ ਕੀਤੀ: ਹਰਦੀਪ ਸਿੰਘ ਵੱਲੋਂ ਆਪਣੀ ਗਲਤੀ ਮੰਨਦੇ ਹੋਏ ਆਖਿਆ ਗਿਆ ਕਿ ਮੈਂ ਉਨ੍ਹਾਂ ਲੋਕਾਂ ਵਿੱਚੋਂ ਹਾਂ ਜੋ ਆਪਣੀ ਗਲਤੀ ਮੰਨ ਲੈਂਦੇ ਹਨ ਅਤੇ ਮੁਆਫ਼ੀ ਮੰਗਦੇ ਹਨ। ਉਨ੍ਹਾਂ ਆਖਿਆ ਕਿ ਮੇਰੀ ਕੰਪਨੀ 'ਤੇ ਬਹੁਤ ਵੱਡਾ ਦਾਗ ਲੱਗ ਗਿਆ ਅਤੇ ਮੇਰੇ ਸਟਾਫ਼ ਤੋਂ ਬਹੁਤ ਭਾਰੀ ਗਲਤੀ ਹੋਈ ਹੈ। ਉਨ੍ਹਾਂ ਆਪਣੇ ਸਟਾਫ਼ ਅਤੇ ਕੰਪਨੀ ਵੱਲੋਂ ਸਭ ਤੋਂ ਮੁਆਫ਼ੀ ਮੰਗੀ ਹੈ।
ਬੱਸ ਡਰਾਈਵਰ ਹਿਰਾਸਤ 'ਚ: ਇਸ ਹਾਦਸੇ ਮਗਰੋਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ 'ਤੇ ਕੇਸ ਦਰਜ ਕਰਨ ਤੋਂ ਬਾਅਦ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਕਾਬਲੇ ਜ਼ਿਕਰ ਹੈ ਕਿ ਪੀੜਤਾਂ ਮੁਤਾਬਿਕ ਹਾਦਸੇ ਤੋਂ ਬਾਅਦ ਮੌਕੇ ਤੋਂ ਬੱਸ ਡਰਾਈਵਰ ਅਤੇ ਕੰਡਕਟਰ ਫਰਾਰ ਹੋ ਗਏ ਸਨ।
ਹਾਦਸੇ 'ਚ ਕਿੰਨੀਆਂ ਮੌਤਾਂ ਹੋਈਆਂ: ਕਾਬਲੇ ਜ਼ਿਕਰ ਹੈ ਮੁਕਤਸਰ- ਕੋਟਕਪੂਰਾ ਰੋਡ 'ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ 'ਚੋਂ ਰਾਜਸਥਾਨ ਨਹਿਰ 'ਚ ਸਵਾਰੀਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 11 ਸਵਾਰੀਆਂ ਜ਼ਖਮੀਆਂ ਹੋਈਆਂ ਹਨ। ਜਿੰਨ੍ਹਾਂ ਦਾ ਇਲਾਜ਼ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ।
ਭਾਵੇਂ ਇਸ ਹਾਦਸੇ ਤੋਂ ਬਾਅਦ ਕੰਪਨੀ ਦੇ ਮਾਲਕ ਵੱਲੋਂ ਮੁਆਫ਼ੀ ਮੰਗੀ ਗਈ ਹੈ। ਇਸ ਦੇ ਬਾਵਜੂਦ ਪੁਲਿਸ ਵੱਲੋਂ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਇਸ 'ਚ ਸਿਰਫ਼ ਤੇ ਸਿਰਫ਼ ਡਰਾਈਵਰ ਦੀ ਗਲਤੀ ਹੈ ਜਾਂ ਟੋਲ ਪਲਾਜਾ ਕੰਪਨੀ ਜਾਂ ਫਿਰ ਸਰਕਾਰਾਂ ਦੀ ਗਲਤੀ ਮੰਨੀ ਜਾਵੇ ਕਿਉਂਕਿ ਜਿੱਥੇ ਪੀੜਤਾਂ ਵੱਲੋਂ ਤੇਜ਼ ਰਫ਼ਤਾਰ ਕਾਰਨ ਬੱਸ ਡਰਾਈਵਰ ਨੂੰ ਕਸੂਰਵਾਰ ਮੰਨਿਆ ਜਾ ਰਿਹਾ ਹੈ। ਉੱਥੇ ਹੀ ਲੋਕਾਂ ਦਾ ਕਹਿਣਾ ਕਿ ਇਹ ਪੁਲ ਤੰਗ ਹੈ, ਜਿਸ 'ਤੇ ਨਾ ਕਦੇ ਟੋਲ ਕੰਪਨੀ ਨੇ ਧਿਆਨ ਦਿੱਤਾ ਅਤੇ ਨਾ ਹੀ ਸਰਕਾਰ ਦਾ ਧਿਆਨ ਇਸ ਪਾਸੇ ਗਿਆ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਕਰਵਾਈ ਹੁੰਦੀ ਹੈ ਅਤੇ ਇਹ ਪੁਲ ਜਦੋਂ ਚੌੜਾ ਕੀਤਾ ਜਾਵੇਗਾ ਤਾਂ ਜੋ ਮੁੜ ਕੋਈ ਅਜਿਹਾ ਹਾਦਸਾ ਨਾ ਵਾਪਰੇ ਅਤੇ ਘਰ ਬਰਬਾਦ ਨਾ ਹੋਣ।