ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ-ਬਠਿੰਡਾ ਰੋਡ 'ਤੇ ਡੇਰਾ ਸੱਚਾ ਸੌਦਾ ਨੇੜੇ ਇੱਕ ਅਣਪਛਾਤੇ ਟਰੈਕਟਰ-ਟਰਾਲੀ ਨੇ ਇੱਕ ਸਕੂਟਰੀ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਚਸ਼ਮਦੀਦ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪਿੰਡ ਸਰਦਾਰਗੜ੍ਹ ਦੇ ਸਾਬਕਾ ਸਰਪੰਚ ਰਾਮ ਸਿੰਘ ਪੁੱਤਰ ਮੁਨਸ਼ੀ ਸਿੰਘ ਆਪਣੀ ਸਕੂਟਰੀ ਉੱਤੇ ਗਿੱਦੜਬਾਹਾ ਤੋਂ ਆਪਣੇ ਪਿੰਡ ਸਰਦਾਰਗੜ੍ਹ ਵੱਲ ਜਾ ਰਹੇ ਸਨ।
ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਉਨ੍ਹਾਂ ਦੇ ਪਿੱਛੋਂ ਆ ਰਹੀ ਇੱਕ ਅਣਪਛਾਤੀ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਜ਼ੂਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਬਾਰੇ ਮ੍ਰਿਤਕ ਦੇ ਪਰਿਵਾਰ ਤੇ ਥਾਣਾ ਗਿੱਦੜਬਾਹਾ ਨੂੰ ਸੂਚਿਤ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਉਕਤ ਘਟਨਾ ਤੋਂ ਬਾਅਦ ਅਣਪਛਾਤੇ ਟਰੈਕਟਰ-ਟਰਾਲੀ ਦਾ ਚਾਲਕ ਟਰੈਕਟਰ-ਟਰਾਲੀ ਸਮੇਤ ਹੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ।