ਨਵਾਂਸ਼ਹਿਰ: ਚੰਡੀਗੜ੍ਹ ਰੋਡ ਏਸਰ ਪੈਟਰੋਲ ਪੰਪ 'ਤੇ ਤੇਲ ਪਵਾਉਣ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਪੈਸੇ ਲੁੱਟਣ ਦੀ ਕੋਸ਼ਿਸ ਕੀਤੀ ਜੋ ਕਿ ਨਾਕਾਮ ਹੋ ਗਈ। ਲੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਦਰਅਸਲ ਨਕਾਬਪੋਸ਼ ਲੁਟੇਰਿਆਂ ਨੇ ਪੰਪ ਦੇ ਮੁਲਾਜ਼ਮ ਸਲੀਮ 'ਤੇ ਪਿਸਤੌਲ ਤਾਣ ਕੇ ਕੈਸ਼ ਦੇਣ ਲਈ ਕਿਹਾ ਪਰ ਸਲੀਮ ਨੇ ਆਪਣੀ ਚੁਸਤੀ ਅਤੇ ਬਹਾਦਰੀ ਨਾਲ ਲੁਟੇਰਿਆਂ ਨਾਲ ਹੱਥੋ ਪਾਈ ਕਰਦਿਆਂ ਪਿਸਤੌਲ ਖੋਹ ਲਈ। ਇੰਨੇ ਨੂੰ ਲੁਟੇਰੇ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਨਵਾਂਸ਼ਹਿਰ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ ਅਤੇ ਕੁੱਝ ਹੀ ਘੰਟਿਆਂ ਚ' ਤਿੰਨੋਂ ਨਕਾਬਪੋਸ਼ ਲੁਟੇਰਿਆਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਡੀਐੱਸਪੀ ਕੈਲਾਸ਼ ਚੰਦਰ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਏਸਰ ਪੈਟਰੋਲ ਪੰਪ ਤੇਲ ਪਵਾਉਣ ਆਏ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸਹਾਇਕ ਐੱਸਐੱਚਓ ਮਹਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਦੌਰਾਨ 24 ਘੰਟਿਆਂ ਦੇ ਅੰਦਰ-ਅੰਦਰ 2 ਲੁਟੇਰਿਆਂ ਨੂੰ ਪਿੰਡ ਸਲੋਹ ਅਤੇ ਪਿੰਡ ਬੈਰਸੀਆ ਤੋਂ ਗ੍ਰਿਫਤਾਰ ਕਰ ਲਿਆ ਹੈ।
ਦੋਸ਼ੀਆਂ ਦੀ ਪਛਾਣ ਰਣਜੀਤ ਸਿੰਘ ਵਾਸੀ ਬੈਰਸੀਆਂ ਅਤੇ ਮਨਦੀਪ ਕੁਮਾਰ ਵਾਸੀ ਸਲੋਹ ਵਜੋਂ ਹੋਈ ਹੈ ਤੇ ਉਨ੍ਹਾਂ ਦਾ ਤੀਜਾ ਸਾਥੀ ਫ਼ਰਾਰ ਹੈ। ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਤੇ ਏਅਰ ਪਿਸਟਲ ਬਰਾਮਦ ਕਰ ਲਿਆ ਗਿਆ ਹੈ। ਕੈਲਾਸ਼ ਚੰਦਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ 'ਤੇ ਪਹਿਲਾ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਹੈ।
ਪਿੰਡ ਬੈਰਸੀਆਂ ਦੇ ਨੋਜਵਾਨ ਨੇ ਪਿਛਲੇ ਮਹੀਨੇ ਕਿਸ਼ਤਾਂ 'ਤੇ ਮੋਟਰਸਾਈਕਲ ਲਿਆ ਸੀ ਉਸੇ ਦੀ ਕਿਸ਼ਤ ਦੇਣ ਲਈ ਉਨ੍ਹਾਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਕਿ ਨਾਕਾਮ ਹੋ ਗਈ। ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।