ਚੰਡੀਗੜ੍ਹ: ਪਟਿਆਲਾ ਦੀ ਭਾਖੜਾ ਨਹਿਰ ਵਿੱਚੋਂ ਮਿਲੀ ਇੱਕ ਲੜਕੀ ਦੀ ਲਾਸ਼ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਦੀ ਰਹਿਣ ਵਾਲੀ 22 ਸਾਲਾ ਨਿਸ਼ਾ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁਹਾਲੀ ਪੁਲਿਸ ਵਿੱਚ ਤਾਇਨਾਤ ਪ੍ਰੇਮੀ ਯੁਵਰਾਜ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ 27 ਜਨਵਰੀ ਤੱਕ 5 ਦਿਨਾਂ ਨੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਮੰਡੀ 'ਚ ਵੀਰਵਾਰ ਦੁਪਹਿਰ ਲੜਕੀ ਨਿਸ਼ਾ ਸੋਨੀ ਦਾ ਉਸ ਦੇ ਪਿੰਡ ਜੋਗਿੰਦਰ ਨਗਰ 'ਚ ਸਸਕਾਰ ਕਰ ਦਿੱਤਾ ਗਿਆ। ਨਿਸ਼ਾ ਦੀ ਭੈਣ ਨੇ ਮੁਲਜ਼ਮ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਦੱਸਿਆ ਜਾ ਰਿਹਾ ਹੈ ਯੁਵਰਾਜ ਸਿੰਘ ਦਾ ਪਹਿਲਾ ਹੀ ਵਿਆਹ ਹੋਇਆ ਹੈ ਅਤੇ ਉਸਦੀ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ। ਪੁਲਿਸ ਅਧਿਕਾਰੀ ਡੀਐਸਪੀ ਰਾਜਕੁਮਾਰ ਗਿੱਲ ਨੇ ਦੱਸਿਆ ਕਿ "ਕੁੜੀ ਦੀ ਲਾਸ਼ ਦੀ ਸ਼ਨਾਖਤ ਹੋ ਚੁੱਕੀ ਹੈ। ਸ਼ਨਾਖਤ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸਦੇ ਘਰਦਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਮੂਪੁਰ ਦੇ ਵਾਸੀ ਯੁਵਰਾਜ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।"
ਏਅਰ ਹੋਸਟੇਸ ਦੀ ਟ੍ਰੇਨਿੰਗ ਲੈ ਰਹੀ ਸੀ ਨਿਸ਼ਾ
ਜਾਣਕਾਰੀ ਮੁਤਾਬਕ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਦੀ ਮਸੌਲੀ ਪੰਚਾਇਤ ਦੇ ਪਿੰਡ ਸੇਰੂ ਦੀ ਨਿਸ਼ਾ 3 ਸਾਲ ਤੋਂ ਚੰਡੀਗੜ੍ਹ ਰਹਿੰਦੀ ਸੀ। 22 ਸਾਲਾ ਨਿਸ਼ਾ ਚੰਡੀਗੜ੍ਹ ਵਿੱਚ ਏਅਰ ਹੋਸਟੈਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਸੈਕਟਰ-34 ਵਿੱਚ ਪੀਜੀ ਵਿੱਚ ਰਹਿੰਦੀ ਸੀ। ਪਿਛਲੇ ਹਫ਼ਤੇ ਉਹ ਜੋਗੀਦਰਨਗਰ ਸਥਿਤ ਆਪਣੇ ਘਰ ਆਈ ਸੀ ਤੇ ਸੋਮਵਾਰ ਨੂੰ ਨਿਸ਼ਾ ਘਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ ਚੰਡੀਗੜ੍ਹ ਪਹੁੰਚਦੇ ਹੀ ਉਸਦਾ ਦੋਸਤ ਉਸਨੂੰ ਪੀਜੀ ਛੱਡ ਗਿਆ ਅਤੇ ਬਾਅਦ 'ਚ ਨਿਸ਼ਾ ਦਾ ਫ਼ੋਨ ਬੰਦ ਹੋ ਗਿਆ। ਮੰਗਲਵਾਰ ਨੂੰ ਨਿਸ਼ਾ ਦੀ ਲਾਸ਼ ਨੰਗਲ ਨਹਿਰ 'ਚੋਂ ਅਰਧ ਨਗਨ ਹਾਲਤ 'ਚ ਮਿਲੀ ਸੀ। ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਸੀ ਅਤੇ ਬੁੱਧਵਾਰ ਨੂੰ ਲੜਕੀ ਦੀ ਪਛਾਣ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਧੀ ਦੀ ਲਾਸ਼ ਨੂੰ ਸੌਂਪ ਦਿੱਤਾ।
ਭਾਖੜਾ ਨਹਿਰ 'ਚੋਂ ਮਿਲੀ ਲਾਸ਼
ਨਿਸ਼ਾ ਦੀ ਲਾਸ਼ ਪਟਿਆਲਾ ਸੰਗਰੂਰ ਰੋਡ 'ਤੇ ਭਾਖੜਾ ਨਹਿਰ 'ਚੋਂ ਮਿਲੀ। ਇਸ ਮਾਮਲੇ 'ਚ ਨਿਸ਼ਾ ਦੇ ਪ੍ਰੇਮੀ ਯੁਵਰਾਜ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਯੁਵਰਾਜ ਸਿੰਘ ਮੁਹਾਲੀ ਪੁਲਿਸ ਵਿੱਚ ਤਾਇਨਾਤ ਹੈ। ਹਾਲਾਂਕਿ ਇਸ ਤੋਂ ਬਾਅਦ ਲੜਕੀ ਨਾਲ ਕੀ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਲੜਕੀ ਨਾਲ ਇਹ ਘਟਨਾ ਕਿਉਂ ਵਾਪਰੀ, ਪੁਲਿਸ ਜਾਂਚ ਕਰ ਰਹੀ ਹੈ। ਰੋਪੜ ਦੇ ਪਿੰਡ ਪਥਰੇੜੀ ਕੋਲ ਲੜਕੀ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਸੀ।
20 ਜਨਵਰੀ ਦੀ ਸ਼ਾਮ ਤੋਂ ਲਾਪਤਾ ਸੀ ਨਿਸ਼ਾ
20 ਜਨਵਰੀ ਦੀ ਸ਼ਾਮ ਨੂੰ ਨਿਸ਼ਾ ਆਪਣੇ ਪ੍ਰੇਮੀ ਨਾਲ ਪੀਜੀ ਗਈ ਸੀ ਤੇ ਫਿਰ ਇਸ ਤੋਂ ਬਾਅਦ ਉਹ ਲਾਪਤਾ ਹੋ ਗਈ। ਲਾਸ਼ 21 ਜਨਵਰੀ ਦੀ ਸ਼ਾਮ ਨੂੰ ਭਾਖੜਾ ਨਹਿਰ ਵਿੱਚੋਂ ਮਿਲੀ ਸੀ। ਭੋਲੇ ਸ਼ੰਕਰ ਗੋਤਾਖੋਰ ਕਲੱਬ ਦੀ ਟੀਮ ਨੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਬਾਅਦ 'ਚ 22 ਜਨਵਰੀ ਨੂੰ ਸਵੇਰੇ ਨਿਸ਼ਾ ਦੇ ਪਰਿਵਾਰ ਵਾਲਿਆਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਲਾਸ਼ ਦੀ ਪਛਾਣ ਕੀਤੀ। ਇਸ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਥਾਣਾ ਭਗਵੰਤਪੁਰ ਦੀ ਪੁਲਿਸ ਟੀਮ ਲਾਸ਼ ਨੂੰ ਆਪਣੇ ਨਾਲ ਲੈ ਗਈ। ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਨਿਸ਼ਾ ਦੀ ਦੋਸਤੀ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਯੁਵਰਾਜ ਨਾਲ ਸੀ। 20 ਜਨਵਰੀ ਦੀ ਸ਼ਾਮ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਨਿਸ਼ਾ ਨੂੰ ਯੁਵਰਾਜ ਨਾਲ ਜਾਂਦੇ ਦੇਖਿਆ ਗਿਆ ਸੀ। ਹਾਲਾਂਕਿ ਬਾਅਦ 'ਚ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਪਰਿਵਾਰ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।