ਨਵਾਂਸ਼ਹਿਰ: ਹਲਕਾ ਬਲਾਚੌਰ ਦਾ ਪਿੰਡ ਬਿਛੋੜੀ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ (Married woman dies) ਹੋ ਗਈ ਹੈ। ਵਿਆਹੁਤਾ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕਾ ਆਪਣੇ ਪਿੱਛੇ 6 ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ। ਲੜਕੀ ਦੇ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ।
ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਦਾਜ ਨੂੰ ਲੈਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ। ਮ੍ਰਿਤਕ ਲੜਕੀ ਸਤਿੰਦਰ ਕੌਰ ਦੀਆਂ ਭੈਣਾਂ ਨੇ ਇਹ ਗੱਲ ਕਹੀ ਕਿ ਸਾਡੀ ਭੈਣ ਪੜੀ ਲਿਖੀ ਐਜੂਕੇਟਿਡ ਸੀ ਉਸ ਇਸ ਤਰ੍ਹਾਂ ਨਹੀਂ ਕਰ ਸਕਦੀ ਜਿਹੜਾ ਉਸ ਦੀ ਬਾਂਹ ਤੇ ਲਿਖਿਆ ਗਿਆ ਹੈ ਉਹ ਲਿਖਾਈ ਸਾਡੀ ਭੈਣ ਦੀ ਨਹੀਂ ਹੈ।
ਓਧਰ ਦੂਸਰੇ ਪਾਸੇ ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਉਸਨੂੰ ਸਵੇਰੇ ਪਤਾ ਚੱਲਿਆ ਕਿ ਉਸਦੀ ਪਤਨੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦੀ ਘਰ ਵਿੱਚ ਕੋਈ ਲੜਾਈ ਨਹੀਂ ਹੁੰਦੀ ਸੀ। ਨਾਲ ਹੀ ਬਖਸ਼ੀਸ਼ ਨੇ ਦੱਸਿਆ ਕਿ ਉਸਦੀ ਬਾਂਹ ਉੱਪਰ ਲਿਖਿਆ ਗਿਆ ਸੀ ਕਿ ਉਸਦੀ ਮੌਤ ਦਾ ਜ਼ਿੰਮੇਵਾਰ ਕੋਈ ਹੈ ਅਤੇ ਉਹ ਖੁਦ ਇਸਦੀ ਜ਼ਿੰਮੇਵਾਰ ਹੈ। ਉਸਨੇ ਇਹ ਵੀ ਕਿਹਾ ਕਿ ਉਹ ਅਕਸਰ ਆਪਣੀ ਪਤਨੀ ਨੂੰ ਭਰਤੀ ਲਈ ਸਰਕਾਰੀ ਟੈਸਟਾਂ ਦੀ ਤਿਆਰੀ ਲਈ ਕਹਿੰਦਾ ਹੁੰਦਾ ਸੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉੱਪਰ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਉੱਤੇ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਨ ਦੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਦੱਸਿਆ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ