ਸੰਗਰੂਰ: ਪੁਲਿਸ ਭਰਤੀ ਦੀ ਉਡੀਕ ਸੂਚੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਪੁਲਿਸ ਕਾਂਸਟੇਬਲ 4358 ਬੇਰੁਜ਼ਗਾਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਅਣਮਿੱਥੇ ਸਮੇਂ ਦੇ ਧਰਨੇ ਦੇ ਦੂਜੇ ਦਿਨ ਵੀ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਬਣਾਈ ਗਈ 5 ਮੈਂਬਰੀ ਕਮੇਟੀ: ਇਸ ਸਮੇਂ ਆਪਣੀ ਮੰਗ ਨੂੰ ਨਤੀਜੇ 'ਤੇ ਪਹੁੰਚਾਉਣ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਬਣਾਈ ਗਈ। 5 ਮੈਂਬਰੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ 4,358 ਅਸਾਮੀਆਂ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿਚ 4 ਲੱਖ ਤੋਂ ਵੀ ਜ਼ਿਆਦਾ ਨੌਜਵਾਨਾਂ ਨੇ ਪ੍ਰੀਖਿਆ ਦਿੱਤੀ ਸੀ।
ਉਡੀਕ ਸੂਚੀ ਜਾਰੀ ਕਰਨ ਦਾ ਵਾਅਦਾ: ਜਿਨ੍ਹਾਂ 'ਚੋਂ ਸੱਦੇ ਗਏ 25 ਹਜ਼ਾਰ ਦੇ ਕਰੀਬ ਉਮੀਦਵਾਰਾਂ 'ਚੋਂ 13 ਹਜ਼ਾਰ ਦੇ ਲੱਗਭਗ ਨੌਜਵਾਨਾਂ ਵਲੋਂ ਸਰੀਰਕ ਪ੍ਰੀਖਿਆ ਪਾਸ ਕੀਤੀ ਗਈ ਸੀ। ਇਸ ਸਮੇਂ 4,358 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ 'ਚੋਂ 1,088 ਉਮੀਦਵਾਰ ਹਾਜ਼ਰ ਨਹੀ ਹੋਏ। ਇਹ ਮਾਮਲਾ ਆਪ ਆਗੂਆਂ ਦੇ ਧਿਆਨ 'ਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਇਕ ਬਿਆਨ ਜਰੀਏ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਉਡੀਕ ਸੂਚੀ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਉਡੀਕ ਸੂਚੀ ਜਾਰੀ ਕਰਨ ਦੀ ਮੰਗ: ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਵਾਰ ਵਾਰ ਵਿਸ਼ਵਾਸ ਦਿਵਾਉਣ ਤੋਂ ਬਾਅਦ ਵੀ ਉਡੀਕ ਸੂਚੀ ਦਾ ਇੰਤਜ਼ਾਰ ਕਰ ਰਹੇ ਬੇਰੁਜ਼ਗਾਰ ਸੜਕਾਂ 'ਤੇ ਰੁਲਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਅੱਧਾ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਭਰਤੀ ਪ੍ਰਕਿਰਿਆ ਮੁਕੰਮਲ ਨਹੀ ਹੋਈ ਤੇ ਨਾ ਹੀ ਕੋਈ ਹੋਰ ਉਡੀਕ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਭਰਤੀ ਪ੍ਰਕਿਰਿਆ ਨੂੰ ਪੂਰੀ ਅਤੇ ਉਡੀਕ ਸੂਚੀ ਜਾਰੀ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ:- ਸ਼ਿਵ ਸੈਨਾ ਬਾਲਠਾਕਰੇ ਦਾ ਵੱਡਾ ਐਲਾਨ, ਅੱਜ ਸਾਰੇ ਆਗੂ ਵਾਪਸ ਕਰ ਦੇਣਗੇ ਸੁਰੱਖਿਆ