ਬਠਿੰਡਾ: ਬਠਿੰਡਾ ਵਿਖੇ ਡੀਸੀ ਦਫਤਰ ਨਜਦੀਕ ਦਫਤਰ ਨਾਅਰੇਬਾਜ਼ੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਟੁਹਾਣਾ ਵਿਖੇ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਜੋ ਪਿੰਡ ਕੋਠਾਗੁਰੂ ਤੋਂ ਚਲੀ ਸੀ, ਜਿਸ ਦਾ ਬਰਨਾਲਾ ਵਿਖੇ ਹਾਦਸਾ ਹੋਇਆ ਸੀ। ਉਸ ਬੱਸ ਵਿੱਚ ਤਿੰਨ ਮਹਿਲਾਵਾਂ ਦੀ ਉਸ ਸਮੇਂ ਹੀ ਮੌਤ ਹੋ ਚੁੱਕੀ ਸੀ ਅਤੇ ਇੱਕ ਕਿਸਾਨ ਦੀ ਬਠਿੰਡਾ ਏਮਸ ਹਸਪਤਾਲ ਵਿਖੇ ਅਤੇ ਇੱਕ ਕਿਸਾਨ ਦੀ ਲੁਧਿਆਣਾ ਦੇ ਡੀਐਮਸੀ ਵਿਖੇ ਮੌਤ ਹੋਈ ਸੀ।
'2 ਲੱਖ ਰੁਪਏ ਦਿੱਤਾ ਜਾਵੇ ਮੁਆਵਜਾ'
ਜਿੰਨ੍ਹਾਂ ਨੂੰ ਮਿਲਾ ਕੇ ਕੁੱਲ ਪੰਜ ਮੌਤਾਂ ਹੋਈਆਂ ਸਨ। ਉਸੇ ਤਹਿਤ ਸਾਡੀ ਮੰਗ ਹੈ ਕਿ ਜਿੰਨਾਂ ਕਿਸਾਨਾਂ ਦੀ ਮੌਤ ਹੋਈ ਹੈ, ਉਹਨਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਜ਼ਖਮੀ ਹਨ, ਉਹਨਾਂ ਨੂੰ 5 ਲੱਖ ਰੁਪਏ ਅਤੇ ਜੋ ਉਸ ਤੋਂ ਘੱਟ ਜਖ਼ਮੀ ਹਨ ਉਹਨਾਂ ਨੂੰ 2 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ। ਜਿਸ ਦੇ ਚੱਲਦੇ ਸਾਡੇ ਵੱਲੋਂ ਪੰਜਾਬ ਸਰਕਾਰ ਖਿਲਾਫ ਇਹ ਧਰਨਾ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਧਰਨਾ ਇਸ ਤੋਂ ਪਹਿਲਾਂ ਵੀ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਸਾਡੀ ਬਠਿੰਡਾ ਡੀਸੀ ਸ਼ੌਕਤ ਅਹਿਮਦ ਪਰੇ ਨਾਲ ਮੀਟਿੰਗ ਹੋਈ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ 5 ਲੱਖ ਰੁਪਏ ਤੁਸੀਂ ਲੈ ਲਵੋ ਪਰ ਅਸੀਂ ਕਿਹਾ ਪਹਿਲਾਂ ਵੀ ਅਸੀਂ ਜਿੰਨਾ ਕਿਸਾਨਾਂ ਦੀਆਂ ਮੌਤਾਂ ਹੁੰਦੀਆਂ ਹਨ 10 ਲੱਖ ਰੁਪਏ ਮੁਆਵਜਾ ਲਿਆ ਹੋਇਆ ਹੈ ਫਿਰ 5 ਲੱਖ ਰੁਪਏ ਤੁਸੀਂ ਕਿਉਂ ਕਹਿ ਰਹੇ ਹੋ। ਹੁਣ ਸਾਡੇ ਕੋਲੋਂ ਉਹਨਾਂ ਨੇ ਕੁਝ ਸਮਾਂ ਮੰਗਿਆ ਹੈ, ਉਸ ਤੋਂ ਬਾਅਦ ਦੇਖਦੇ ਹਾਂ ਕੀ ਹੋਵੇਗਾ। 6 ਜਨਵਰੀ ਤੋਂ ਇਹ ਮੋਰਚਾ ਚੱਲਦਾ 10 ਤਾਰੀਕ ਤੱਕ ਚੱਲਿਆ।
ਜਿਸ ਤੋਂ ਬਾਅਦ ਸਰਕਾਰੀ ਛੁੱਟੀਆਂ ਆਈਆਂ ਹਨ ਅਤੇ ਦੋ ਮੌਤਾਂ ਹੋਰ ਹੋ ਗਈਆਂ ਸਨ ਅਤੇ ਹੁਣ ਸਾਡੇ ਵੱਲੋਂ ਇਹ ਮੋਰਚਾ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਦੋ ਡੈੱਡ ਬਾਡੀ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਪਈਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹਿਲਾਵਾਂ ਦੀ ਡੈੱਡਬੋਡੀ ਦਾ ਸਸਕਾਰ ਕਰ ਦਿੱਤਾ ਗਿਆ ਹੈ। ਉਹ ਪਰਿਵਾਰ ਵੀ ਸਾਡੇ ਨਾਲ ਹੈ ਸਾਡੀ ਮੰਗ ਹੈ ਕਿ ਸਰਕਾਰ ਜਲਦ ਮੁਆਵਜ਼ਾ ਜਾਰੀ ਕਰੇ। ਜਿੰਨ੍ਹਾਂ ਪਰਿਵਾਰਾਂ ਦੇ ਮੈਬਰਾਂ ਦੀਆਂ ਮੌਤਾਂ ਹੋਈਆਂ ਹਨ, ਉਹ ਕਹਿੰਦੇ ਹਨ ਕਿ ਅਸੀਂ ਉਹਨਾਂ ਚਿਰ ਸਸਕਾਰ ਨਹੀਂ ਕਰਾਂਗੇ, ਜਿੰਨ੍ਹਾਂ ਚਿਰ ਸਾਨੂੰ ਮੁਆਵਜਾ ਨਹੀਂ ਦਿੱਤਾ ਜਾਂਦਾ, ਜਿਸ 'ਤੇ ਅਸੀਂ ਕਿਹਾ ਕਿ ਅਸੀਂ ਤੁਹਾਡੀ ਜਥੇਬੰਦੀ ਨਾਲ ਹਾਂ।