ਬਰਨਾਲਾ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਜਿਥੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਜਾ ਰਹੀ ਹੈ ਉਥੇ ਹੀ ਨਸ਼ੇ ਦੀ ਤਸਕਰੀ ਕਰਕੇ ਬਣਾਈ ਜਾ ਰਹੀ ਕਰੋੜਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਨੇ ਨਸ਼ਾ ਤਸਕਰੀ 'ਚ ਲਿਪਤ ਨਸ਼ਾ ਤਸਕਰਾਂ ਦੀ 1 ਕਰੋੜ 15 ਲੱਖ ਦੀ ਪ੍ਰਾਪਰਟੀ ਫ਼ਰੀਜ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ 3 ਵੱਖ-ਵੱਖ ਨਸ਼ੇ ਦੇ ਮਾਮਲਿਆਂ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਅੱਜ ਨਸ਼ਾ ਤਸਕਰਾਂ ਦੇ ਘਰਾਂ ਉਪਰ ਇਹ ਫ਼ਰੀਜਿੰਗ ਆਰਡਰ ਚਿਪਕਾਏ ਹਨ। ਇਨ੍ਹਾਂ ਤਸਕਰਾਂ 'ਚ 2 ਬਰਨਾਲਾ ਅਤੇ ਇੱਕ ਸ਼ੇਰਪੁਰ ਦੇ ਨਸ਼ਾ ਤਸਕਰਾਂ ਦਾ ਨਾਮ ਸ਼ਾਮਲ ਹੈ। ਡੀਐਸਪੀ ਬਰਨਾਲਾ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਵੀ ਵਿਅਕਤੀ ਨਸ਼ੇ ਦੀ ਤਸਕਰੀ ਕਰਕੇ ਪ੍ਰਾਪਰਟੀ ਬਣਾਉਂਦਾ ਹੈ ਤਾਂ ਉਸ ਦਾ ਇਹੀ ਹਾਲ ਹੋਵੇਗਾ।

ਮਹਿਲਾ ਤਸਕਰ ਸਣੇ ਤਿੰਨ ਮੁਲਜ਼ਮਾਂ ਦੀ ਜਾਇਦਾਦ ਜ਼ਬਤ
ਜ਼ਿਕਰਯੋਗ ਹੈ ਕਿ ਇਸ ਕਾਰਵਾਈ ਤਹਿਤ ਪਹਿਲੇ ਕੇਸ ਵਿੱਚ ਜਸਵੀਰ ਸਿੰਘ ਵਾਸੀ ਗੁਰੂ ਤੇਗ਼ ਬਹਾਦਰ ਨਗਰ ਬਰਨਾਲਾ ਦਾ ਘਰ ਫ਼ਰੀਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਮਬਾਗ ਦੇ ਬੈਕਸਾਈਡ ਬਸਤੀ ਵਿੱਚ ਮਲਕੀਤ ਸਿੰਘ ਅਤੇ ਮਨੀ ਦੇ ਦੋ ਵੱਖ-ਵੱਖ ਰਿਹਾਇਸ਼ੀ ਮਕਾਨ ਅਤੇ ਇੱਕ ਸਵਿੱਫਟ ਕਾਰ ਫ਼ਰੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ੇਰਪੁਰ ਦੀ ਰਹਿਣ ਵਾਲੀ ਮੋਨਾ ਨਾਮ ਦੀ ਔਰਤ ਦੇ ਘਰ ਨੂੰ ਵੀ ਫ਼ਰੀਜ ਕੀਤਾ ਗਿਆ ਹੈ। ਅੱਜ ਪੁਲਿਸ ਵੱਲੋਂ ਇਨ੍ਹਾਂ ਘਰਾਂ ਦੀਆਂ ਕੰਧਾਂ 'ਤੇ ਫ਼ਰੀਜ਼ ਕਰਨ ਦੇ ਆਰਡਰ ਲਗਾਏ ਗਏ ਹਨ।

ਪੁਲਿਸ ਨੇ ਨਸ਼ਾ ਤਸਕਰਾਂ ਨੂੰ ਦਿੱਤੀ ਚਿਤਾਵਨੀ
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਫ਼ਰੀਜ਼ ਕੀਤੀ ਪ੍ਰਾਪਰਟੀ ਦੀ ਕੁੱਲ ਕੀਮਤ 1 ਕਰੋੜ 15 ਲੱਖ ਰੁਪਏ ਬਣਦੀ ਹੈ। ਨਸ਼ਾ ਤਸਕਰੀ ਨਾਲ ਸਬੰਧਤ ਜੋ ਵੀ ਪ੍ਰਾਪਰਟੀ ਹੈ, ਇਸਦੀ ਫਰੀਜਿੰਗ ਅੱਗੇ ਵੀ ਜਾਰੀ ਰਹੇਗੀ। ਡੀਐਸਪੀ ਨੇ ਨਾਲ ਹੀ ਹੋਰਨਾਂ ਤਸਕਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਨਸ਼ੇ ਦਾ ਧੰਦਾ ਕਰਕੇ ਕੋਈ ਵੀ ਨਸ਼ਾ ਤਸਕਰ ਜੇਕਰ ਪ੍ਰਾਪਰਟੀ ਬਣਾਉਂਦਾ ਹੈ ਤਾਂ ਉਸ ਦਾ ਘਰ ਅਤੇ ਨਸ਼ੇ ਦੇ ਦੀ ਕਮਾਈ ਨਾਲ ਬਣਾਈ ਹਰ ਚੀਜ਼ ਜ਼ਬਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅੱਜ ਤੋਂ ਪਹਿਲਾਂ ਵੀ ਬੀਤੇ ਕੁਝ ਦਿਨਾਂ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਵੱਖ-ਵੱਖ ਸ਼ਹਿਰਾਂ 'ਚ ਅਪਰਾਧੀਆਂ 'ਤੇ ਠੱਲ ਪਾਉਂਦੇ ਹੋਏ ਘਰਾਂ ਨੂੰ ਸੀਲ ਕਰਨ ਲਈ ਨੋਟਿਸ ਲਾਏ ਹਨ।
