ਲਹਿਰਾਗਾਗਾ: ਅਕਾਲੀ ਦਲ 2022 ਦੀਆਂ ਚੋਣਾਂ ਲੜਣ ਦੀਆਂ ਤਿਆਰੀਆਂ ਵਿੱਚ ਲੱਗ ਗਿਆ ਹੈ। ਇਸ ਨੂੰ ਵੇਖਦੇ ਹੋਏ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਿੰਡ-ਪਿੰਡ ਜਾ ਕੇ ਅਕਾਲੀ ਦਲ ਵਰਕਰਾਂ ਤੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਕਰ ਰਹੇ ਹਨ। ਸੁਖਬੀਰ ਬਾਦਲ ਵੱਲੋਂ ਲਹਿਰਾਗਾਗਾ ਵਿੱਚ ਲੋਕਾਂ ਨੂੰ ਪਾਰਟੀ ਨਾਲ ਜੁੜਣ ਲਈ ਅਕਾਲੀ ਦਲ ਦੇ ਵਰਕਰਾਂ ਤੇ ਸਰਕਲ ਪ੍ਰਧਾਨਾਂ ਨਾਲ ਬੈਠਕ ਕੀਤੀ ਗਈ।
ਢੀਂਡਸਾ ਕਹਿੰਦੇ ਆਪਣੇ ਆਪ ਨੂੰ ਟਕਸਾਲੀ ਪਰ ਨੇ ਜਾਅਲੀ: ਸੁਖਬੀਰ ਬਾਦਲ
ਇਸ ਮੌਕੇ ਜਦੋਂ ਸੁਖਬੀਰ ਬਾਦਲ ਨੂੰ 23 ਫਰਵਰੀ ਨੂੰ ਢੀਡਸਾ ਪਰਿਵਾਰ ਵੱਲੋਂ ਕੀਤੀ ਗਈ ਇੱਕ ਵਿਸਾਲ ਰੈਲੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਅਕਾਲੀ ਦਲ ਦੇ ਸੰਗਰੂਰ ਵਿੱਚ ਚਾਰ ਪ੍ਰੋਗਰਾਮ ਹਨ, ਜਿੱਥੇ ਅਸੀਂ ਆਪਣੇ ਵਰਕਰਾਂ ਨਾਲ ਮਿਲ ਰਹੇ ਹਾਂ ਜੋ ਸੰਗਰੂਰ ਵਿੱਚ ਢੀਂਡਸਾ ਪਰਿਵਾਰ ਵੱਲੋਂ ਕੀਤੀ ਰੈਲੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਸੁਪਨਾ ਵੇਖਣਾ ਤਾਂ ਹਰ ਕਿਸੇ ਨੂੰ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਆਪਣੇ ਆਪ ਨੂੰ ਟਕਸਾਲੀ ਆਖਦਾ ਹੈ, ਪਰ ਉਹ ਟਕਸਾਲੀ ਵੀ ਨਹੀਂ ਸਗੋਂ ਜਾਅਲੀ ਹਨ। ਢੀਂਡਸਾ ਪਰਿਵਾਰ ਦੀ ਰੈਲੀ ਵਿੱਚ ਸਟੇਜ 'ਤੇ ਮੌਜੂਦ ਸਮਰਥਨ ਕਰਨ ਵਾਲਿਆਂ ਦੇ ਖ਼ਿਲਾਫ਼ ਬੋਲਦੇ ਹੋਏ ਸੁਖਬੀਰ ਬੋਲੇ ਉਨ੍ਹਾਂ ਦੀ ਪਾਰਟੀ ਵਿੱਚ ਤਾਂ ਉਹ ਦਲ ਬਦਲੋ ਆਗੂ ਜੁੜੇ ਹੋਏ ਹਨ ਜਿਨ੍ਹਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ।
ਪੰਜਾਬ ਵਿੱਚ ਕਾਂਗਰਸੀ ਕੋਈ ਵੀ ਜ਼ੁਰਮ ਕਰ ਲੈਣ ਕੈਪਟਨ ਸਰਕਾਰ ਉਨ੍ਹਾਂ ਨੂੰ ਕਲੀਨ ਚਿੱਟ ਦੇ ਦੇਵੇਗੀ : ਸੁਖਬੀਰ ਬਾਦਲ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ 'ਤੇ ਕੈਪਟਨ ਸਰਕਾਰ ਵੱਲੋਂ ਦਿੱਤੀ ਕਲੀਨ ਚਿੱਟ ਦੀ ਸੁਖਬੀਰ ਬਾਦਲ ਨੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਜੋ ਕਿਸੇ ਖ਼ਾਸ ਧਰਮ ਦੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਕੁਝ ਵਾਪਰਦਾ ਹੈ, ਕਤਲ ਹੁੰਦਾ ਹੈ, ਨਸ਼ਾ ਤਸਕਰੀ ਹੁੰਦੀ ਹੈ, ਉਸ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸੀ ਕੋਈ ਵੀ ਜ਼ੁਰਮ ਕਰ ਲੈਣ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਸਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇਗੀ।
ਕੈਪਟਨ ਪਹਿਲਾ ਇਨਸਾਨ ਹੈ, ਜਿਸ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ: ਸੁਖਬੀਰ ਸਿੰਘ ਬਾਦਲ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਨਾਲ ਹਨ ਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵਿਰੋਧ ਵਿੱਚ ਹਨ। ਉਨ੍ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ, ਲੋਕ ਇਸ ਗੱਲ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਇਦ ਧਰਤੀ 'ਤੇ ਕੈਪਟਨ ਉਹ ਪਹਿਲਾ ਇਨਸਾਨ ਹੈ, ਜਿਸ ਨੇ ਗੁਟਕਾ ਸਾਹਿਬ ਦੀ ਝੂਠੀ ਸੁਹੰ ਖਾਧੀ ਹੈ।
ਕਾਂਗਰਸੀ ਵਿਧਾਇਕ ਵਸੂਲਦੇ ਨੇ ਨਸਾ ਤਸਕਰਾਂ ਤੇ ਗੈਂਗਸਟਰਾਂ ਤੋਂ ਮਹੀਨਾ: ਸੁਖਬੀਰ ਸਿੰਘ ਬਾਦਲ
ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਰਗੀ ਕੋਈ ਚੀਜ਼ ਰਹਿ ਹੀ ਨਹੀਂ ਗਈ ਹੈ, ਪੰਜਾਬ ਹੁਣ ਗੈਂਗਸਟਰਾਂ ਦਾ ਰਾਜ ਬਣ ਚੁੱਕਿਆ ਹੈ, ਜਿੱਥੇ ਨਸ਼ਾ ਤਸਕਰ ਤੇ ਗੈਂਗਸਟਰ ਕਾਂਗਰਸ ਦੇ ਵਿਧਾਇਕਾਂ ਨੂੰ ਮਹੀਨੇ ਵਾਰੀ ਪੈਸੇ ਦੇ ਕੇ ਪੰਜਾਬ ਵਿੱਚ ਨਸ਼ਾ ਤਸਕਰੀ ਤੇ ਅੱਤਵਾਦ ਨੂੰ ਝੜਲੇ ਨਾਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀ ਸਥਾਨਕ ਵਿਧਾਇਕਾਂ ਦੇ ਨਾਲ ਗੈਂਗਸਟਰਾਂ ਨੂੰ ਨਸ਼ਿਆਂ ਦੇ ਮਾਮਲਿਆਂ ਵਿੱਚ ਗੈਂਗਸਟਰਾਂ ਦਾ ਸਮਰਥਨ ਕਰ ਰਹੇ ਹਨ। ਵਿਧਾਇਕਾਂ ਦੀ ਸ਼ੈਅ ਕਰ ਕੇ ਪੁਲਿਸ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਹੈ।
ਦਿੱਲੀ ਹਿੰਸਾ ਦੀ ਕੇਂਦਰ ਕਰਾਵੇ ਜਾਂਚ: ਸੁਖਬੀਰ ਸਿੰਘ ਬਾਦਲ
ਉੱਥੇ ਹੀ ਦਿੱਲੀ ਵਿੱਚ ਹੋ ਰਹੀ ਹਿੰਸਾ ਬਾਰੇ ਸੁਖਬੀਰ ਬਾਦਲ ਬੋਲੇ ਕਿ ਕੇਂਦਰ ਨੂੰ ਇਸ ਦੀ ਸਿਰੇ ਤੋਂ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗ਼ਲਤ ਹੋ ਰਿਹਾ ਹੈ, ਤੇ ਇਸ ਦੀ ਜਾਂਚ ਕਰ ਕੇ ਪਤਾ ਲਗਾਉਣਾ ਚਾਹੀਦਾ ਹੈ ਕਿ ਇਸ ਦੀ ਸ਼ੁਰੂਆਤ ਕਿਵੇਂ ਹੋਈ ਹੈ।