ਸੰਗਰੂਰ: ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਵਿਸ਼ੇਸ਼ ਰੈਲੀ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਤੇ ਢੀਂਡਸਾ ਪਰਿਵਾਰ ਨੂੰ ਕਰੜੇ ਹੱਥੀਂ ਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਡਿਟੇਕਟਰ ਕੌਣ ਹੈ।
ਇਸ ਮੌਕੇ ਉਹਨਾਂ ਢੀਂਡਸਾ ਪਰਿਵਾਰ ‘ਤੇ ਤੰਜ ਕਸਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਜੋ ਕਿਹਾ, ਪਾਰਟੀ ਨੇ ਉਹੀ ਕੀਤਾ ਤੇ ਢੀਂਡਸਾ ਦੀ ਮਰਜ਼ੀ ਮੁਤਾਬਕ ਪਾਰਟੀ ਦੇ ਕਈ ਯੋਗ ਆਗੂਆਂ ਤੇ ਵਰਕਰਾਂ ਨੂੰ ਅੱਖੋਂ-ਪਰੋਖੇ ਕੀਤਾ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪੁੱਤਰ ਪਰਮਿੰਦਰ ‘ਤੇ ਆਪਣਾ ਫੈਸਲਾ ਥੋਪਿਆ ਹੈ।
ਉਨ੍ਹਾਂ ਟਕਸਾਲੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਬਿਨਾਂ ਫਾਇਦਾ-ਨੁਕਸਾਨ ਦੇਖੇ ਪਾਰਟੀ ਨਾਲ ਡਟਣ ਵਾਲਾ ਹੀ ਟਕਸਾਲੀ ਹੁੰਦਾ ਹੈ ਨਾ ਕਿ ਪਾਰਟੀ ਤੋਂ ਕੁਝ ਮੰਗਣ ਵਾਲਾ ਟਕਸਾਲੀ ਹੁੰਦਾ ਹੈ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ 1 ਦਿਨ ਲਈ ਖਜ਼ਾਨਾ ਉਨ੍ਹਾਂ ਨੂੰ ਸੌਂਪੇ ਤਾਂ ਉਹ ਉਸ ਨੂੰ ਭਰ ਕਰ ਦਿਖਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 5 ਸਾਲਾ ‘ਚ ਸਰਕਾਰ ਬਣਨ ‘ਤੇ ਪੰਜਾਬ ਦੇ ਹਰ ਪਿੰਡ ‘ਚ ਪੀਣ ਦਾ ਪਾਣੀ, ਸੀਵਰੇਜ ਅਤੇ ਸੜਕਾਂ ਬਣਾਈਆਂ ਜਾਣਗੀਆਂ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਢੀਂਡਸਿਆਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨਾਲ ਬੇਵਫ਼ਾਈ ਕਰਕੇ ਬਹੁਤ ਮਾੜੀ ਗੱਲ ਕੀਤੀ ਹੈ। ਪਹਿਲਾਂ ਪਾਰਟੀ ਵਿੱਚ ਜਿਹੜੇ ਵੀ ਫ਼ੈਸਲੇ ਲਏ ਜਾਂਦੇ ਸਨ ਉਹ ਰਣਜੀਤ ਸਿੰਘ ਬ੍ਰਹਮਪੁਰਾ ਤੇ ਢੀਂਡਸਾ ਸਾਹਬ ਤੋਂ ਪੁੱਛੇ ਬਿਨਾਂ ਨਹੀਂ ਲਏ ਜਾਂਦੇ ਸਨ, ਇੰਨਾ ਹੀ ਪਰਿਵਾਰਿਕ ਫ਼ੈਸਲੇ ਵੀ ਉੁਨ੍ਹਾਂ ਦੀ ਰਾਏ ਤੋਂ ਬਿਨਾਂ ਨਹੀਂ ਕੀਤੇ ਜਾਂਦੇ ਸਨ, ਤੇ ਉੁਨ੍ਹਾਂ ਦਾ ਹੁਕਮ ਇਲਾਹੀ ਹੁਕਮ ਹੁੰਦਾ ਸੀ।