ਮਲੇਰਕੋਟਲਾ: ਜਿੱਥੇ ਪੰਜਾਬ ਸਰਕਾਰ ਵੱਲੋਂ ਅਨਲੌਕ ਤਿੰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਅਤੇ ਹੋਲੀ-ਹੋਲੀ ਸਭ ਬਾਜ਼ਾਰ, ਦੁਕਾਨਾਂ ਅਤੇ ਮਾਲ ਖੋਲ੍ਹ ਦਿੱਤੇ ਗਏ ਹਨ, ਉੱਥੇ ਹੀ ਮੈਰਿਜ ਪੈਲੇਸ ਮਾਲਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਆਖ ਰਹੇ ਹਨ।
ਮੈਰਿਜ ਪੈਲੇਸ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਨਿੱਤ ਨਵੀਆਂ ਗਾਈਡਲਾਈਨਜ਼ ਜਾਰੀ ਕਰਕੇ ਉਨ੍ਹਾਂ ਨੂੰ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਆਹ ਸਮਾਗਮਾਂ ਵਿੱਚ ਸਿਰਫ਼ 30 ਵਿਅਕਤੀਆਂ ਦਾ ਇਕੱਠ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੁੰਦੇ।
ਸਰਕਾਰ ਤੋਂ ਨਾਰਾਜ਼ ਪੈਲੇਸ ਮਾਲਕਾਂ ਨੇ ਕਿਹਾ ਕਿ ਜੇ ਸਰਕਾਰ ਆਪਣਾ ਰੈਵੀਨਿਊ ਵਧਾਉਣ ਲਈ ਬੱਸਾਂ ਨੂੰ ਪੂਰੀ ਸਮਰੱਥਾ ਨਾਲ ਚੱਲਣ ਦੀ ਮਨਜ਼ੂਰੀ ਦੇ ਸਕਦੀ ਹੈ ਤਾਂ ਵੱਡੇ ਪੈਲੇਸਾਂ ਵਿੱਚ ਜ਼ਿਆਦਾ ਇਕੱਠ ਕਿਉਂ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜਲਦ ਹੀ ਇਸ ਮਾਮਲੇ ਦਾ ਹੱਲ ਨਾ ਕੱਢਿਆ ਤਾਂ ਪੰਜਾਬ ਦੇ ਸਾਰੇ ਪੈਲੇਸਾਂ ਦੀਆਂ ਚਾਭੀਆਂ ਉਹ ਮੁੱਖ ਮੰਤਰੀ ਨੂੰ ਸੌਂਪ ਦੇਣਗੇ।