ਮਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੀ ਸਕੀਮ ਤਹਿਤ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸੇ ਸਕੀਮ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸੰਗਰੂਰ ਜ਼ਿਲ੍ਹੇ ਦੇ ਅਹਿਮਦਗੜ੍ਹ ਵਿਖੇ ਰੁਜ਼ਗਾਰ ਮੇਲਿਆਂ ਦੀ ਕੜੀ ਉਲੀਕੀ ਗਈ ਹੈ। ਇਸ ਤਹਿਤ ਅਹਿਮਦਗੜ੍ਹ ਸਬ ਡਿਵੀਜ਼ਨ ਵਿੱਚ 13 ਸਤੰਬਰ ਨੂੰ ਅਹਿਮਦਗੜ੍ਹ ਦੇ ਰਾਮਗੜ੍ਹੀਆਂ ਭਵਨ ਵਿਖੇ ਸਬਡਵੀਜ਼ਨ ਪੱਧਰੀ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਐਸ.ਡੀ.ਐਮ. ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਸਬ ਡਵੀਜ਼ਨ ਪੱਧਰ 'ਤੇ ਨਿੱਜੀ ਕਾਰੋਬਾਰੀ, ਹਸਪਤਾਲ ਅਤੇ ਹੋਰ ਅਦਾਰਿਆਂ ਨਾਲ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿੱਚ ਸਾਰੇ ਅਦਾਰਿਆਂ ਦੇ ਨਾਲ ਗੱਲਬਾਤ ਕੀਤੀ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਬੈਠਕ ਵਿੱਚ ਸਰਕਾਰ ਦੀਆਂ ਹਦਾਇਤਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਰੁਜ਼ਗਾਰ ਮੇਲੇ ਦੇ ਜ਼ਰੀਏ ਆਪਣੀ ਇੰਡਸਟਰੀ ਨਾਲ ਸਬੰਧਤ ਕੰਮ ਕਰਨ ਵਾਲੇ ਨੌਜਵਾਨਾਂ ਦੀ ਚੋਣ ਕਰ ਸਕਦੇ ਹਨ। ਇਸ ਬੈਠਕ ਵਿੱਚ ਉਦਯੋਗਪਤੀਆਂ ਨੇ ਕਈ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਉਪਰਾਲਾ ਪਹਿਲਾਂ ਕੀਤਾ ਗਿਆ ਹੁੰਦਾ ਤਾਂ ਅੱਜ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਵਿਦੇਸ਼ਾਂ ਨੂੰ ਭੱਜਣ ਲਈ ਮਜਬੂਰ ਨਾ ਹੁੰਦੇ।
ਐਸਡੀਐਮ ਵਿਕਰਮਜੀਤ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਰੁਜ਼ਗਾਰ ਮੇਲੇ ਨੂੰ ਪੁਰੀ ਤਰ੍ਹਾਂ ਸਫ਼ਲ ਬਣਾਇਆ ਜਾਵੇ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਈ ਜਾ ਸਕੇ।